ਅਸ਼ੋਕ ਵਰਮਾ
ਬਠਿੰਡਾ, 18 ਅਕਤੂਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 19 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਅੱਗੇ ਦਿੱਤਾ ਜਾਣ ਵਾਲਾ ਧਰਨਾ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਜੱਥੇਬੰਦੀ ਨੂੰ ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ ਸਵੇਰੇ ਦਸ ਵਜੇ ਗੱਲਬਾਤ ਲਈ ਦਿੱਤੇ ਸੱਦੇ ਨੂੰ ਦੇਖਦਿਆਂ ਕੀਤਾ ਗਿਆ ਹੈ। ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਘਿਰਾਓ ਦਾ ਫੈਸਲਾ ਵਾਪਿਸ ਲਿਆ ਹੈ ਪਰ ਬਾਕੀ ਮੋਰਚੇ ਜਿਓਂ ਦੇ ਤਿਓਂ ਜਾਰੀ ਰਹਿਣਗੇ।
ਉੱਧਰ ਤਿੰਨ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ ਚ 1 ਅਕਤੂਬਰ ਤੋਂ ਲਾਏ ਮੋਰਚਿਆਂ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜ਼ਿਲ੍ਹਾ ਬਠਿੰਡਾ ਨੇ ਅੱਜ 18 ਵੇਂ ਦਿਨ ਆਪਣਾ ਸੰਘਰਸ਼ ਜਾਰੀ ਰੱਖਿਆ। ਅੱਜ ਮੋਰਚਿਆਂ ਵਿੱਚ ਸਕੂਲ ਆਫ ਡਰਾਮਾ ਚੰਡੀਗੜ੍ਹ ਵੱਲੋਂ ਕਿਰਤੀ ਨਾਟਕ ਪੇਸ ਕੀਤਾ ਗਿਆ। ਅੱਜ ਦੇ ਮੁੱਖ ਬੁਲਾਰੇ ਹਰਜਿੰਦਰ ਸਿੰਘ ਬੱਗੀ , ਮੋਠੂ ਸਿੰਘ ਕੋਟੜਾ ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ ਵਾਲਾ ਅਤੇ ਕੁਲਵੰਤ ਸ਼ਰਮਾ ਨੇ ਸੰਬੋਧਨ ਕਰਦਿਆਂ ਭਾਰਤੀ ਜੰਤਾ ਪਾਰਟੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਤੇ ਨਿਸ਼ਾਨੇ ਲਾਏ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਨਿੱਜੀ ਕਾਰਪੋਰੇਸ਼ਨਾਂ ਤੇ ਵੱਡੇ ਵਪਾਰੀਆਂ ਨੂੰ ਐਮ ਐਸ ਪੀ ਦੀ ਜਾਮਨੀ ਤੋਂ ਬਗੈਰ ਹੀ ਫਸਲੀ ਖਰੀਦ ਦੀਆਂ ਖੁੱਲ੍ਹਾਂ ਦੇਣ ਵਾਲੇ 2017 ਅਤੇ ਉਸਤੋਂ ਪਹਿਲਾਂ ਦੇ ਮੰਡੀਕਰਨ ਕਾਨੂੰਨ ਆਦਿ ਵਾਪਸ ਲੈਣ ਦਾ ਮਤਾ ਪਾਸ ਕਰਨ ਤੋਂ ਇਲਾਵਾ ਕੇਂਦਰ ਦੇ ਤਿੰਨੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਨੂੰ ਵੀ ਮੌਜੂਦਾ ਘੋਲ਼ ਦਾ ਨਿਸ਼ਾਨਾ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਲਾਗੂ ਕਰਕੇ ਕਿਸਾਨਾਂ ਦੀਆਂ ਜਮੀਨਾਂ ਅਤੇ ਖੇਤੀ ਜਾਂ ਦਾਣਾ ਅਤੇ ਸਬਜੀ ਮੰਡੀਆ ਨਾਲ ਜੁੜੇ ਮਜਦੂਰਾਂ ਹੋਰ ਕਾਰੋਬਾਰੀਆਂ ਦਾ ਰੁਜਗਾਰ ਖੋਹਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਨੀਤੀ ਕਿਸੇ ਵੀ ਕੀਮਤ ਲਾਗੂ ਨਹੀਂ ਹੋਣ ਦਿੱਤੀ ਜਾਏਗੀ। ਉਹਨਾਂ ਆਖਿਆ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਦਮਗਜੇ ਮਾਰਨ ਵਾਲੀ ਮੋਦੀ ਸਰਕਾਰ ਨੇ ਨਵੇਂ ਖੇਤੀ ਕਾਨੂੰਨ ਲਿਆਕੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ।
ਬੁਲਾਰਿਆਂ ਨੇ ਮੰਗ ਕੀਤੀ ਹੈ ਖੇਤੀ ਵਿਰੋਧੀ ਇਹ ਕਾਨੂੰਨ ਰੱਦ ਕੀਤੇ ਜਾਣ, ਸਾਰੀਆਂ ਫਸਲਾਂ ਦੇ ਭਾਅ ਲਾਗਤ ਖਰਚਿਆਂ ਤੋਂ ਉੱਪਰ ਮੁਨਾਫੇ ਤੇ ਮਿਥ ਕੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ, ਗਿ੍ਰਫਤਾਰ ਕੀਤੇ ਲੇਖਕਾਂ,ਬੁੱਧੀਜੀਵੀਆਂ ਤੇ ਵਿਦਿਆਰਥੀ ਤੁਰੰਤ ਰਿਹਾਅ ਕੀਤੇ ਜਾਣ , ਮੋਨਟੇਕ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਰੱਦ ਕੀਤੀਆਂ ਜਾਣ। ਲੋਕ ਪੱਖੀ ਗੀਤਕਾਰ ਜਗਸੀਰ ਸਿੰਘ ਜੀਦਾ ਅਤੇ ਕਵੀਸ਼ਰੀ ਜੱਥਾ ਸੁਖਰਾਜ ਸਿੰਘ ਢੱਡਿਆ ਵਾਲੇ ਦੇ ਜਥੇ ਨੇ ਗੀਤਾਂ ਅਤੇ ਕਵੀਸ਼ਰੀ ਰਾਹੀਂ ਕਿਸਾਨਾਂ ਮਜਦੂਰਾਂ ਦੇ ਦਰਦ ਅਤੇ ਸਰਕਾਰ ਦੀਆਂ ਨੀਤੀਆਂ ਦੇ ਹੋ ਰਹੇ ਹਮਲੇ ਬਿਆਨ ਕੀਤੇ । ਮੋਰਚਿਆਂ ਨੂੰ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ ਵੀਰਾ ਸਿੰਘ ਗਿੱਦੜ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆ, ਕੁਲਵੰਤ ਰਾਏ ਸ਼ਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ,ਮਾਲਣ ਕੌਰ ਕੋਠਾ ਗੁਰੂ, ਨਿੱਕਾ ਸਿੰਘ ਜੇਠੂਕੇ ਆਦਿ ਨੇ ਸੰਬੋਧਨ ਕੀਤਾ । ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਨੇ ਮੁਫਤ ਡਾਕਟਰੀ ਕੈਂਪ ਲਾਇਆ ।