ਅਸ਼ੋਕ ਵਰਮਾ
ਜਲੰਧਰ, 24 ਸਤੰਬਰ 2020 - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਦੇ ਸੂਬਾ ਪ੍ਧਾਨ ਮਨਦੀਪ ਰਤੀਆ,ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਅਤੇ ਪੰਜਾਬ ਸਟੂਡੈਂਟਸ਼ ਫੈਡਰੇਸ਼ਨ( ਪੀ ਐਸ ਐਫ )ਦੇ ਸੂਬਾ ਕਨਵੀਨਰ ਮਨਜਿੰਦਰ ਢੇਸੀ ਤੇ ਗਗਨਦੀਪ ਸਰਦੂਲਗੜ ਨੇ ਕਿਹਾ ਕਿ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਤਿੰਨੇ ਖੇਤੀ ਆਰਡੀਨੈਸਾਂ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ 25 ਸਤੰਬਰ ਦੇ ਪੰਜਾਬ ਅਤੇ ਹਰਿਆਣਾ ਬੰਦ ਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ਼ ਫੈਡਰੇਸ਼ਨ ਹਮਾਇਤ ਕਰੇਗੀ। ਇੱਕ ਪ੍ਰੈਸ ਬਿਆਨ ਰਾਹੀਂ ਆਗੂਆਂ ਨੇ ਕਿਹਾ ਕਿ ਬੰਦ ਨੂੰ ਸਫਲ ਬਨਾਉਣ ਲਈ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਪਿੰਡਾਂ,ਸ਼ਹਿਰਾਂ ਅਤੇ ਕਸਬਿਆਂ ਅੰਦਰ ਤਿਆਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ 25 ਸਤੰਬਰ ਦੇ ਬੰਦ ਸਮੇਂ ਹੋਣ ਵਾਲੇ ਐਕਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਵਿਦਿਆਰਥੀ ਸ਼ਾਮਲ ਹੋਣਗੇ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿੱਦਿਆ ,ਰੁਜ਼ਗਾਰ ਅਤੇ ਸਿਹਤ ਸੇਵਾਵਾਂ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਕਨਵੈਨਸ਼ਨਾਂ ਅਤੇ ਮਾਰਚ ਕੀਤੇ ਜਾਣਗੇ।