ਦੀਪਕ ਜੈਨ
ਜਗਰਾਓਂ, 23 ਅਕਤੂਬਰ 2020 - ਕੇਂਦਰ ਸਰਕਾਰ ਨੇ ਜਿਵੇਂ ਹੀ ਕਿਸਾਨ ਬਿਲ ਪਾਸ ਕੀਤੇ ਤਾਂ ਉਸ ਤੋਂ ਨਾਰਾਜ਼ ਹੋਕੇ ਪਾਰਟੀ ਦੇ ਲੀਡਰਾਂ ਵੱਲੋਂ ਅਸਤੀਫੇ ਦੇਣ ਦਾ ਦੌਰ ਚੱਲ ਪਿਆ ਹੈ। ਵੇਖਣ ਨੂੰ ਮਿਲ ਰਿਹਾ ਹੈ ਕਿ ਰੋਜ਼ਾਨਾ ਹੀ ਕੋਈ ਨਾ ਭਾਜਪਾ ਦਾ ਲੀਡਰ ਅਸਤੀਫ਼ਾ ਦੇ ਰਿਹਾ ਹੈ ਅਤੇ ਆਪਣੇ ਆਪ ਨੂੰ ਕਿਸਾਨ ਦੇ ਹੱਕ ਵਿਚ ਖੜ੍ਹਾ ਦਸ ਰਿਹਾ ਹੈ। ਕੁਝ ਦਿਨ ਪਹਿਲਾਂ ਜਗਰਾਓਂ ਤੋਂ ਕਾਫੀ ਵੱਡੀ ਗਿਣਤੀ ਵਿਚ ਭਾਜਪਾ ਨਾਲ ਪੁਰਾਣੇ ਜੁੜੇ ਹੋਏ ਅਹੁਦੇਦਾਰਾਂ ਅਤੇ ਵਰਕਰਾਂ ਨੇ ਅਸਤੀਫੇ ਦੇਣੇ ਸ਼ੁਰੂ ਕੀਤੇ ਸਨ ਅਤੇ ਅੱਜ ਵੀ ਭਾਜਪਾ ਦੇ ਸਾਬਕਾ ਕੌਂਸਲਰ ਅਤੇ ਓਬੀਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਕੁਨਾਲ ਬੱਬਰ ਕਿਮੀ ਵਲੋਂ ਵੀ ਅਸਤੀਫ਼ਾ ਦੇ ਦਿੱਤਾ ਗਿਆ ਹੈ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਮੀ ਨੇ ਦੱਸਿਆ ਕਿ ਉਹ ਕਿਸਾਨ ਦੇ ਹੱਕ ਲਈ ਹਮੇਸ਼ਾ ਹੀ ਖੜ੍ਹੇ ਸਨ ਅਤੇ ਜੋ ਕੇਂਦਰ ਸਰਕਾਰ ਵਲੋਂ ਬਿਲ ਲਿਆਂਦਾ ਗਿਆ ਹੈ ਉਸ ਨਾਲ ਕਿਸਾਨ ਵਿਚ ਰੋਸ਼ ਪਾਇਆ ਜਾ ਰਿਹਾ ਹੈ ਅਤੇ ਮੈਂ ਅੰਨਦਾਤਾ ਕਿਸਾਨ ਦੇ ਨਾਲ ਖੜਾ ਹੋਵਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚਾਹੇ ਪਾਰਟੀ ਛੱਡ ਚੁੱਕੇ ਹਨ ਪਰ ਉਹ ਕਿਸੇ ਹੋਰ ਪਾਰਟੀ ਵਿਚ ਜਾਂ ਦੇ ਇੱਛੁਕ ਨਹੀਂ ਹਨ ਅਤੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਕਾਫੀ ਇੱਜ਼ਤ ਦਿੱਤੀ ਗਈ ਸੀ ਪਰ ਉਹ ਕਿਸਾਨ ਪੱਖੀ ਹੋਣ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ।
ਇਥੇ ਵਰਨਣਯੋਗ ਹੈ ਕਿ ਕਿਮੀ ਵਲੋਂ ਪਹਿਲੀ ਵਾਰ ਨਗਰ ਕੌਂਸਲ ਚੌਣਾ ਵਿਚ ਖੜੇ ਹੋਕੇ ਜਿੱਤ ਪ੍ਰਾਪਤ ਕੀਤੀ ਗਈ ਸੀ ਅਤੇ ਉਹ ਕਾਫੀ ਲੋਕਾਂ ਨਾਲ ਜੁੜੇ ਹੋਏ ਸਨ ਅਤੇ ਆਸਾਨੀ ਨਾਲ ਹੀ ਕੌਂਸਲਰ ਬਣ ਗਏ ਸਨ ਅਤੇ ਅੱਜ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਭਾਜਪਾ ਨੂੰ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਅਤੇ ਕਾਫੀ ਵੱਡੀ ਗਿਣਤੀ ਵਿਚ ਉਨ੍ਹਾਂ ਵਲੋਂ ਭਾਜਪਾ ਨਾਲ ਵਰਕਰ ਜੋੜੇ ਗਏ ਸਨ। ਕਿਓਂਕਿ ਕਿਮੀ ਸਵਰਨਕਾਰ ਸੰਘ ਜਗਰਾਓਂ ਦੇ ਵੀ ਅਹੁਦੇਦਾਰ ਹਨ ਅਤੇ ਆਪਣੀ ਬਰਾਦਰੀ ਵਿਚ ਕਾਫੀ ਪੈੜ ਰੱਖਦੇ ਹਨ ਅਤੇ ਕੌਂਸਲਰ ਰਹਿੰਦਿਆਂ ਉਹਨਾਂ ਵਲੋਂ ਲੋਕਾਂ ਦੀ ਸੇਵਾ ਕੀਤੀ ਗਈ ਸੀ।