ਅਸ਼ੋਕ ਵਰਮਾ
ਬਠਿੰਡਾ, 2 ਨਵੰਬਰ 2020 - ਮੁਲਕ ਭਰ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਪੰਜ ਨਵੰਬਰ ਨੂੰ ਦਿੱਤੇ ਦੇਸ਼ ਭਰ ’ਚ ਜਾਮ ਲਾਉਣ ਦੇ ਸੱਦੇ ਨੂੰ ਦੇਖਦਿਆਂ ਕਿਸਾਨਾਂ ਦੀ ਤਾਕਤ ਅਤੇ ਦਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਸੰਘਰਸ਼ੀ ਧਿਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਪਿੱਛੇ ਸੂਹੀਏ ਲਾ ਦਿੱਤੇ ਗਏ ਹਨ। ਖਾਸ ਤੌਰ ਤੇ ਕੇਂਦਰੀ ਖੁਫੀਆ ਏਜੰਸੀਆਂ ਤਾਂ ਦਿਨ ਨੇੜੇ ਆਉਂਦਿਆਂ ਪੱਬਾਂ ਭਾਰ ਹੋ ਗਈਆਂ ਹਨ ਜਦੋਂਕਿ ਪੰਜਾਬ ਪੁਲਿਸ ਦੀ ਸੀਆਈਡੀ ਵੀ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ । ਹਾਲਾਂਕਿ ਇਸ ਮੁੱਦੇ ਤੇ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੋਇਆ ਪਰ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਮਾਮਲਿਆਂ ਨਾਲ ਜੁੜੇ ਸਰਕਾਰੀ ਸੂਤਰਾਂ ਨੇ ‘ਆਫ ਦਾ ਰਿਕਾਰਡ’ ਪੁਸ਼ਟੀ ਕੀਤੀ ਹੈ। ਓਧਰ ਕੇਂਦਰੀ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਆਦਿ ਤੋਂ ਫੱਟ ਖਾਈ ਬੈਠੇ ਪੰਜਾਬ ਦੇ ਹਜਾਰਾਂ ਕਿਸਾਨਾਂ ਨੇ ਹੁਣ ਆਰ ਪਾਰ ਦੀ ਲੜਾਈ ਦਾ ਫੈਸਲਾ ਲਿਆ ਹੈ।
ਉੱਪਰੋਂ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਛੇੜੀ ਮੁਹਿੰਮ ਅਤੇ ਬੰਦ ਕੀਤੀ ਰੇਲ ਆਵਾਜਾਈ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਖੁਫੀਆ ਵਿੰਗ ਇਕੱਲੇ ਕਿਸਾਨ ਲੀਡਰਾਂ ਦੀ ਤਾੜ ’ਚ ਹੀ ਨਹੀਂ ਬਲਕਿ ਉਹਨਾਂ ਨਾਲ ਸਬੰਧਤ ਸਰਗਰਮ ਔਰਤ ਆਗੂਆਂ ਨੂੰ ਵੀ ਏਜੰਸੀਆਂ ਨੇ ਨਿਸ਼ਾਨੇ ਤੇ ਰੱਖਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਕਿਸਾਨਾਂ ਦੇ ਧਰਨਿਆਂ, ਵਿਸ਼ੇਸ਼ ਤੌਰ ਤੇ ਪ੍ਰਾਈਵੇਟ ਤਾਪ ਬਿਜਲੀ ਘਰਾਂ ਅੱਗੇ ਡਟੇ ਸੰਘਰਸ਼ੀ ਲੋਕਾਂ ਦੀ ਹਰ ਨਕਲੋ ਹਰਕਤ ਨੂੰ ਧਿਆਨ ’ਚ ਰੱਖਿਆ ਜਾ ਰਿਹਾ ਹੈ। ਖੁਫੀਆ ਅਧਿਕਾਰੀ 5 ਦੇ ਜਾਮ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੌਰਾਨ ਕਿਸਾਨਾਂ, ਔਰਤਾਂ, ਲੜਕੀਆਂ ਅਤੇ ਇਸ ਮੌਕੇ ਸ਼ਿਰਕਤ ਕਰਨ ਵਾਲੇ ਮੁਲਾਜ਼ਮਾਂ ਆਦਿ ਦੇ ਜੋਸ਼ ਨੂੰ ਵੀ ਦੇਖ ਕੇ ਉੱਪਰ ਤੱਕ ਰਿਪੋਰਟ ਭੇਜ ਰਹੇ ਹਨ ਤਾਂ ਜੋ ਉਸ ਮੁਤਾਬਕ ਰਣਨੀਤੀ ਘੜੀ ਜਾ ਸਕੇ।
ਸੂਤਰਾਂ ਮੁਤਾਬਕ ਹਜਾਰਾਂ ਦੀ ਤਦਾਦ ’ਚ ਪੰਜਾਬੀ ਲੋਕਾਂ ਦਾ ਰੋਹ ਨਾਲ ਲਬਰੇਜ਼ ਇਕੱਠ ਸਰਕਾਰ ਲਈ ਸਿਰਦਰਦੀ ਪੈਦਾ ਕਰਨ ਵਾਲਾ ਹੈ। ਇਸ ਲਈ ਪੰਜਾਬ ਪੁਲਿਸ ਅਤੇ ਹੋਰ ਅਧਿਕਾਰੀ ਵੀ ਕੋਈ ਰਿਸਕ ਲੈਣ ਦੇ ਰੌਂਅ ’ਚ ਨਹੀਂ ਹਨ। ਇਹਨਾਂ ਕਾਰਨਾਂ ਨਿਗਰਾਨੀ ਲਈ ਲੇਡੀ ਵਿੰਗ ਨਾਲ ਸਬੰਧਤ ਮੁਲਾਜਮਾਂ ਨੂੰ ਵੀ ਚੌਕਸੀ ਵਰਤਣ ਲਈ ਆਖਿਆ ਗਿਆ ਹੈ। ਕਿਸਾਨ ਔਰਤਾਂ ਪਿੰਡਾਂ ਵਿਚ ਕਿਸਾਨਾਂ ਨੂੰ ਲਾਮਬੰਦ ਕਰ ਰਹੀਆਂ ਹਨ ਤਾਂ ਚੰਗੀ ਯੋਗਤਾ ਰੱਖਦੀਆਂ ਲੜਕੀਆਂ ਨੇ ਵੱਖਰੇ ਤੌਰ ਤੇ ਮੁਹਿੰਮ ਵਿੱਢੀ ਹੋਈ ਹੈ। ਇਵੇਂ ਹੀ ਖੁਫੀਆ ਏਜੰਸੀਆਂ ਜਿਹੜੇ ਸੰਘਰਸ਼ੀ ਲੋਕਾਂ ਦਾ ਪਿੱਛਾ ਕਰ ਰਹੀਆਂ ਹਨ ਉਹਨਾਂ ’ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਸ਼ਾਮਲ ਹੈ ਜੋ ਪਹਿਲੇ ਦਿਨ ਤੋਂ ਹੀ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੜਕਾਂ ਤੇ ਉੱਤਰੀਆਂ ਜੱਥੇਬੰਦੀਆਂ ਦੀ ਪਿੱਠ ਤੇ ਡਟਿਆ ਹੋਇਆ ਹੈ।
ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਖੁਫ਼ੀਆ ਤੰਤਰ ਦਾ ਸਮੁੱਚਾ ਤਾਮ ਝਾਮ ਸੰਘਰਸ਼ੀ ਧਿਰਾਂ ਦੀਆਂ ਗਤੀਵਿਧੀਆਂ ‘ਤੇ ਖਾਸ ਨਜ਼ਰ ਰੱਖਣ ’ਚ ਜੁਟਿਆ ਹੋਇਆ ਹੈ। ਸੂਤਰ ਆਖਦੇ ਹਨ ਕਿ ਸੀਨੀਅਰ ਅਫਸਰਾਂ ਦੀ ਅਗਵਾਈ ਵਿੱਚ ਕਈ ਟੀਮਾਂ ਬਣਾਈਆਂ ਗਈਆਂ ਹਨ, ਜੋ ਸਾਦੇ ਕੱਪੜਿਆਂ ਵਿੱਚ ਸੰਘਰਸ਼ੀ ਨੇਤਾਵਾਂ ‘ਤੇ ਨਜ਼ਰ ਰੱਖਣ ਲੱਗੀਆਂ ਹਨ। ਪਤਾ ਲੱਗਿਆ ਹੈ ਕਿ ਐਤਕੀਂ ਵਿਸ਼ੇਸ਼ ਅਬਜ਼ਰਵੇਸ਼ਨ ਟੀਮਾਂ ਬਣਾਈਆਂ ਹਨ ਜਿਹਨਾਂ ਵੱਲੋਂ ਪੂਰੇ ਪੰਜਾਬ ‘ਤੇ ਨਜ਼ਰ ਰੱਖੀ ਜਾਣੀ ਹੈ। ਸੂਤਰਾਂ ਮੁਤਾਬਕ ਉੱਪਰੋਂ ਆਏ ਨਿਰਦੇਸ਼ਾਂ ਤੇ ਜਿਲ੍ਹਿਆਂ ਵਿਚਲੇ ਪੁਲਿਸ ਅਧਿਕਾਰੀਆਂ ਨੂੰ ਵੀ ਆਪੋ ਆਪਣੇ ਖੇਤਰ ’ਚ ਨਿਗਰਾਨੀ ਲਈ ਆਖ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਆਪਣੀਆਂ ਪੈਲੀਆਂ ਦੀ ਰਾਖੀ ਲਈ ਉਹ ਕੋਈ ਵੀ ਕੁਰਬਾਨੀ ਕਰਨਗੇ,ਅੱਗਿਓ ਸਰਕਾਰ ਨੇ ਦੇਖਣਾ ਹੈ ਕਿ ਮਸਲਾ ਹੱਲ ਜਾਂ ਲੋਕ ਰੋਹ ਦਾ ਸਾਹਮਣਾ ਕਰਨਾ ਹੈ।
ਪਿੰਡੇ ਤੇ ਹੰਢਾਇਆ ਵਰਤਾਰਾ :ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਦਾ ਕਹਿਣਾ ਸੀ ਕਿ ਇਹ ਉਹਨਾਂ ਲਈ ਕੋਈ ਨਵਾਂ ਨਹੀਂ ਬਲਕਿ ਆਪਣੇ ਪਿੰਡੇ ਤੇ ਹੰਢਾਇਆ ਵਰਤਾਰਾ ਹੈ ।ਉਹਨਾਂ ਮੋਦੀ ਸਰਕਾਰ ਨੂੰ ਨਸੀਹਤ ਦਿੱਤੀ ਕਿ ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੈ ਨਹੀਂ ਤਾਂ ਕਿਸਾਨ ਖੇਤੀ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ,ਨਵੇਂ ਖੇਤੀ ਕਾਨੂੰਨਾਂ ਅਤੇ ਪਰਾਲੀ ਪ੍ਰਦੂਸ਼ਣ ਆਰਡੀਨੈਂਸ ਦਾ ਹਿਸਾਬ ਕਿਤਾਬ ਲੈਣ ਲਈ ਹਕੂਮਤ ਨਾਲ ਲੰਮੀ ਲੜਾਈ ਲਈ ਤਿਆਰ ਬੈਠੇ ਹਨ। ਉਹਨਾਂ ਆਖਿਆ ਕਿ ਜੱਦੀ ਪੁਸ਼ਤੀ ਜਮੀਨਾਂ ਅੰਬਾਨੀਆਂ ਅਡਾਨੀਆਂ ਹਵਾਲੇ ਕਰਕੇ ਸਰਕਾਰ ਕਿਸਾਨਾਂ ਨੂੰ ਉਹਨਾਂ ਦੇ ਗੁਲਾਮ ਬਨਾਉਣਾ ਚਾਹੁੰਦੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਮੋਦੀ ਸਰਕਾਰ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਹੱਕ ਮੰਗਣ ਵਾਲਿਆਂ ਨੂੰ ਹੁਣ ਸੱਤਾ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ ਤਾਂ ਉਹ ਵੀ ਤਿਆਰ ਬੈਠੇ ਹਨ । ੳਹਨਾਂ ਆਖਿਆ ਕਿ ਰੇਲ ਗੱਡੀਆਂ ਬੰਦ ਕਰਕੇ ਤਾਂ ਕੇਂਦਰ ਨੇ ਆਪਣੇ ਇਰਾਦੇ ਜਤਾ ਦਿੱਤੇ ਹਨ । ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨਾਂ ਮੰਨਕੇ ਕੇਂਦਰ ਸਰਕਾਰ ਖੁਦ ਟਕਰਾਅ ਦਾ ਮਾਹੌਲ ਬਣਾ ਰਹੀ ਹੈ ਜਦੋਂ ਕਿ ਇਹ ਧਿਆਨ ਹੱਕ ਮੰਗ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਦੂਰ ਕਰਨ ‘ਤੇ ਲਾਉਣਾ ਚਾਹੀਦਾ ਹੈ। ਉਹਨਾਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਜਾਰੀ ਰੱਖਣ ਦੀ ਗੱਲ ਵੀ ਆਖੀ ਹੈ।