ਅਸ਼ੋਕ ਵਰਮਾ
ਬਰਨਾਲਾ, 24 ਮਾਰਚ 2021 - ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਦੀ ਹਕੂਮਤ ਖਿਲ਼ਾਫ ਚੱਲ ਰਹੇ ਲਗਾਤਾਰ ਸੰਘਰਸ਼ ਦੀ ਅਗਲੀ ਕੜੀ ਵਜੋਂ 26 ਮਾਰਚ ਦੇ ਭਾਰਤ ਬੰਦ ਤਹਿਤ ਬਰਨਾਲਾ ਜਿਲ੍ਹੇ ’ਚ 7 ਥਾਵਾਂ ਤੇ ਆਵਾਜਾਈ ਠੱਪ ਕੀਤੀ ਜਾਏਗੀ। ਭਾਰਤ ਬੰਦ ਸਫਲ ਬਨਾਉਣ ਲਈ ਵੱਖ-ਵੱਖ ਜਨਤਕ ਜਮਹੂਰੀ ਵਪਾਰਕ ਸ਼ਹਿਰੀ ਸਮਾਜ ਸੇਵੀ ਸੰਸਥਾਵਾਂ ਦੀ ਸਾਂਝੀ ਮੀਟਿੰਗ ਰੇਲਵੇ ਸਟੇਸ਼ਨ ਵਿਖੇ ਬਲਵੰਤ ਉੱਪਲੀ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਬਰਨਾਲਾ ਜਿਲ੍ਹੇ ਅੰਦਰ ਸੱਤ ਥਾਵਾਂ(ਰੇਲਵੇ ਸਟੇਸ਼ਨ ,ਸੰਘੇੜਾ ,ਤਪਾ ,ਧਨੌਲ਼ਾ ,ਭਦੌੜ,ਹੰਢਿਆਇਆ,ਮਹਿਲਕਲਾਂ ਵਿਖੇ ਸਵੇਰ 6 ਵਜੇ ਤੋਂ ਸ਼ਾਮ 6 ਵਜੇ ਤੱਕ ਰੇਲ/ਸੜਕ ਆਵਾਜਾਈ,ਸਮੁੱਚੇ ਵਪਾਰਕ ਕਾਰੋਬਾਰ ਮੁਕੰਮਲ ਰੂਪ’ਚ ਬੰਦ ਰਹਿਣਗੇ । ਬੁਲਾਰਿਆਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ, ਬਿਜਲੀ ਸੋਧ ਬਿਲ-2021 ਅਤੇ ਪਰਾਲੀ ਆਰਡੀਨੈਂਸ ਰੱਦ ਕਰਾਉਣ ਲਈ ਚਾਰ ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਹੈ ਪਰ ਮੋਦੀ ਹਕੂਮਤ ਇਨ੍ਹਾਂ ਨੂੰ ਰੱਦ ਕਰਨ ਦੀ ਬਜਾਏ ਚੰਦ ਅਮੀਰ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਤਰਲੋਮੱਛੀ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਮਰਾਜੀ ਸੰਸਥਾਵਾਂ ਕੌਮਾਂਤਰੀ ਮੁਦਰਾ ਫੰਡ, ਵਿਸ਼ਵ ਵਪਾਰ ਸੰਸਥਾ ਅਤੇ ਸੰਸਾਰ ਬੈਂਕ ਦੇ ਦਬਾਅ ਤਹਿਤ ਇਹ ਨੀਤੀਆਂ ਲਾਗੂ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਮਰਾਜੀ ਸੰਸਥਾਵਾਂ ਦੇ ਦਬਾਅ ਤਹਿਤ ਮੋਦੀ ਹਕੂਮਤ ਕਿਰਤ ਕਾਨੂੰਨਾਂ ਵਿੱਚ ਕਿਰਤੀ ਵਿਰੋਧੀ ਸੋਧਾਂ , ਸਾਰੇ ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਕਰ ਰਹੀ ਸੀ। ਇਸ ਕਰਕੇ ਨਿੱਜੀਕਰਨ,ਉਦਾਰੀਕਰਨ ਦੇ ਹੱਲੇ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ ਦਾ ਘੇਰਾ ਵਿਆਪਕ ਹੁੰਦਾ ਜਾ ਰਿਹਾ ਹੈ। ਮੀਟਿੰਗ ਵਿੱਚ ਸ਼ਾਮਿਲ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਬਾਰਾ ਸਿੰਘ ਬਦਰਾ, ਗੋਰਾ ਸਿੰਘ ਢਿੱਲਵਾਂ, ਗੁਰਨਾਮ ਸਿੰਘ ਠੀਕਰੀਵਾਲ, ਮੇਲਾ ਸਿੰਘ ਕੱਟੂ, ਮਨਜੀਤ ਰਾਜ, ਗੁਰਪ੍ਰੀਤ ਰੂੜੇਕੇ, ਖੁਸ਼ੀਆ ਸਿੰਘ, ਹਰਨੇਕ ਸਿੰਘ, ਗੁਰਮੀਤ ਸੁਖਪੁਰ, ਗੁਰਜੰਟ ਸਿੰਘ, ਚਰਨਜੀਤ ਕੌਰ ਨੇ ਸਮੂਹ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਵੱਲੋਂ ਸਮੁੱਚਾ ਬਜਾਰ, ਆੜ੍ਹਤੀਆ ਐਸੋਸੀਏਸ਼ਨਾਂ,ਸਬਜੀ ਮੰਡੀ ਆੜ੍ਹਤੀ ਐਸੋਸੀਏਸ਼ਨ, ਰੇੜੀ ਫੜੀ ਮਜਦੂਰ ਯੂਨੀਅਨ ਵੱਲੋਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ।