ਅਸ਼ੋਕ ਵਰਮਾ
ਮਾਨਸਾ 21 ਸਤੰਬਰ 2020 - ਪੰਜਾਬ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੇ ਰੋਸ ਵਜੋਂ 31 ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਤਹਿਤ ਮਾਨਸਾ ਜਿਲੇ ਦੀਆਂ ਕਿਸਾਨ ਅਤੇ ਜਨਤਕ ਜੱਥੇਬੰਦੀਆਂ ਨੇ ਸਾਰੇ ਹੀ ਕਸਬੇ ਤੇ ਸ਼ਹਿਰ ਆਦਿ ਪੂਰਨ ਬੰਦ ਰੱਖਣ ਅਤੇ ਭਾਰਤੀ ਜੰਤਾ ਪਾਰਟੀ ਦੇ ਆਗੂਆਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਮਾਨਸਾ ਦੇ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ’ਚ ਜਿਲੇ ਦੀਆਂ ਸਾਰੀਆਂ ਕਿਸਾਨ ਯੂਨੀਅਨਾਂ ਅਤੇ ਜਮਹੂਰੀਅਤ ਪਸੰਦ ਜਥੇਬੰਦੀਆਂ ਵੱਲੋਂ ਸੱਦੀ ਸਾਂਝੀ ਮੀਟਿੰਗ ’ਚ ਇਹ ਫੈਸਲਾ ਕੀਤਾ ਹੈ। ਮੀਟਿੰਗ ਦੀ ਪ੍ਰਧਾਨਗੀ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕੀਤੀ। ਮੀਟਿੰਗ ’ਚ ਸਾਂਝੀ ਤਾਲਮੇਲ ਕਮੇਟੀ ਬਣਾਈ ਹੈ ਜੋ ਇਸ ਦਿਸ਼ਾ ’ਚ ਅਗਲੀ ਰਣਨੀਤੀ ਉਲੀਕੇਗੀ।
ਆਗੂਆਂ ਨੇ ਇਸ ਸਬੰਧੀ ਜਾਰੀ ਪ੍ਰੈਸ ਬਿਆਨ ’ਚ ਦੱਸਿਆ ਹੈ ਕਿ ਸਮੂਹ ਜਥੇਬੰਦੀਆਂ ਇਕੱਠੇ ਹੋ ਕੇ ਮਾਨਸਾ ਵਿੱਚ ਰੇਲਾਂ ਰੋਕਣਗੀਆਂ ਅਤੇ ਜਿਲੇ ਵਿੱਚ ਸੜਕੀ ਆਵਾਜਾਈ ਬੰਦ ਰੱਖੀ ਜਾਵੇਗੀ । ਕੇਵਲ ਮੈਡੀਕਲ ਸੇਵਾਵਾਂ ਨੂੰ ਖੋਲਣ ਪ੍ਰਤੀ ਸਹਿਮਤੀ ਦਿੱਤੀ ਗਈ ਹੈ। ਇਸ ਮੀਟਿੰਗ ਵਿੱਚ ਸਮੂਹ ਜਥੇਬੰਦੀਆਂ ਨੇ ਬੀਜੇਪੀ ਦੇ ਆਗੂਆਂ ਤੇ ਵਰਕਰਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਸਮੂਹ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਨਾਲ ਸਮੂਹ ਵਰਗਾਂ ਦੀ ਦੁਸ਼ਮਣ ਬਣ ਗਈ ਹੈ ਜਿਸ ਕਰਕੇ ਇਹ ਫੈਸਲਾ ਲੈਣਾ ਪਿਆ ਹੈ। ਉਨਾਂ ਕਿਹਾ ਕਿ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਸਾਰੇ ਹੀ ਵਰਗ ਪ੍ਰਭਾਵਿਤ ਹੋਣਗੇ ਅਤੇ ਖੇਤੀ ਅਰਥਚਾਰੇ ਦੀ ਸਥਿਤੀ ਡਾਵਾਂਡੋਲ ਹੋ ਜਾਏਗੀ।
ਇਸ ਮੌਕੇ ਬੋਘ ਸਿੰਘ ਮਾਨਸਾ ਬੀਕੇਯੂ, ਨਿਰਮਲ ਸਿੰਘ ਝੰਡੂਕੇ ਬੀਕਯੂ ਲੱਖੋਵਾਲ, ਕੁਲਵੰਤ ਸਿੰਘ ਕਿਸ਼ਨਗੜ ਬੀਕੇਯੂ ਡਕੌਂਦਾ, ਗੋਰਾ ਸਿੰਘ ਭੈਣੀ ਬਾਘਾ ਤੇ ਗੁਰਨਾਮ ਸਿੰਘ ਭੀਖੀ ਪੰਜਾਬ ਕਿਸਾਨ ਯੂਨੀਅਨ, ਮਲੂਕ ਸਿੰਘ ਹੀਰਕੇ ਬੀਕੇਯੂ ਸਿੱਧੂਪੁਰ, ਅਮਰੀਕ ਸਿੰਘ ਫਫੜੇ ਤੇ ਮੇਜਰ ਸਿੰਘ ਦੂਲੋਵਾਲ ਜਮਹੂਰੀ ਕਿਸਾਨ ਸਭਾ, ਰਾਮ ਸਿੰਘ ਭੈਣੀ ਬਾਘਾ ਬੀਕੇਯੂ ਉਗਰਾਹਾਂ, ਰੂਪ ਸਿੰਘ ਢਿੱਲੋਂ ਕੁੱਲ ਹਿੰਦ ਕਿਸਾਨ ਸਭਾ, ਗੁਰਲਾਭ ਸਿੰਘ ਮਾਹਲ ਐਡਵੋਕੇਟ ਸੰਵਿਧਾਨ ਬਚਾਓ ਮੰਚ, ਡਾ. ਧੰਨਾ ਮੱਲ ਗੋਇਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਜਸਵੀਰ ਸਿੰਘ ਬਾਜਵਾ ਬੀਕੇਯੂ ਰਾਜੇਵਾਲ, ਉਗਰ ਸਿੰਘ ਮੀਰਪੁਰੀਆ ਬੀਕੇਯੂ ਕ੍ਰਾਂਤੀਕਾਰੀ, ਮਾ. ਦਰਸ਼ਨ ਸਿੰਘ ਟਾਹਲੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਹਰਦੇਵ ਸਿੰਘ ਕੋਟ ਧਰਮੂ ਬੀਕੇਯੂ ਕਾਦੀਆਂ ਤੋਂ ਇਲਾਵਾ ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਐਚ.ਆਰ.ਮੋਫਰ ਆਦਿ ਹਾਜ਼ਰ ਸਨ।