ਅਸ਼ੋਕ ਵਰਮਾ
ਮਾਨਸਾ, 23 ਸਤੰਬਰ 2020 - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਬਿੱਲਾਂ ਖਿਲਾਫ ਮਾਨਸਾ ਜ਼ਿਲ੍ਹਾ ’ਚ ਭਾਜਪਾ ਦਾ ਬਾਈਕਟ ਕਰਨ ਦੀ ਮੁਹਿੰਮ ਭਖ ਗਈ ਹੈ। ਮਾਨਸਾ ਜ਼ਿਲ੍ਹੇ ਵਿੱਚ ਆੜਤੀਆ ਐਸੋਸੀਏਸ਼ਨ ਨੇ ਬੁਢਲਾਡਾ ਤੇ ਸਰਦੂਲਗੜ ’ਚ ਬਾਈਕਾਟ ਕਰਨ ਦੇ ਫਲੈਕਸ ਬੋਰਡ ਲਗਾ ਦਿੱਤੇ ਹਨ। ਇਸੇ ਲੜੀ ਤਹਿਤ ਕਈ ਪਿੰਡਾਂ ’ਚ ਸੰਵਿਧਾਨ ਬਚਾਓ ਮੰਚ ਨੇ ਵੀ ਫਲੈਕਸਾਂ ਰਾਹੀਂ ਬੀਜੇਪੀ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਇਸ ਲੜੀ ਤਹਿਤ ਪਿੰਡ ਰੜ ਦੇ ਸਰਪੰਚ ਬਲਦੇਵ ਸਿੰਘ ਨੇ ਆਪਣੇ ਪਿੰਡ ਵਿੱਚ ਬਿੱਲ ਵਾਪਿਸ ਲਏ ਜਾਣ ਤੱਕ ਬੀਜੇਪੀ ਦੇ ਪੂਰਨ ਬਾਈਕਾਟ ਦਾ ਐਲਾਨ ਕੀਤਾ ਹੈ।
ਇਸੇ ਤਰ੍ਹਾਂ ਪਿੰਡ ਬੁਰਜ ਰਾਠੀ ਵਿੱਚ ਐਡਵੋਕੇਟ ਬਲਵੀਰ ਕੌਰ, ਮਹਿੰਦਰ ਸਿੰਘ ਭੈਣੀ ਬਾਘਾ ਬੀਕੇਯੂ ਡਕੌਂਦਾ,ਰਾਜ ਸਿੰਘ ਅਕਲੀਆ, ਹਰਦੇਵ ਸਿੰਘ ਰਾਠੀ, ਮਦਨ ਲਾਲ, ਮਹਿੰਦਰ ਸਿੰਘ ਪਿੰਡ ਪ੍ਰਧਾਨ ਬੀਕੇਯੂ ਡਕੌਂਦਾ, ਦਲੀਪ ਸਿੰਘ ਬੀਕੇਯੂ ਉਗਰਾਹਾਂ ਨੇ ਪਿੰਡ ਬੁਰਜ ਰਾਠੀ ਵਿੱਚ ਵੀ ਬੈਨਰ ਲਾਏ ਹਨ। ਪਿੰਡ ਤਾਮਕੋਟ ਵਿੱਚ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਪਿੰਡ ਵਿੱਚ ਬਾਈਕਾਟ ਦੀ ਮੁਹਿੰਮ ਸ਼ੁਰੂ ਕੀਤੀ ਹੈ । ਇਸਤੋਂ ਇਲਾਵਾ ਖੀਵਾ ਖੁਰਦ, ਜੱਸੜਵਾਲਾ, ਹੀਰੋਂ ਕਲਾਂ, ਮਾਨਸਾ ਖੁਰਦ ਆਦਿ ਪਿੰਡਾਂ ਵਿੱਚ ਵੀ ਇਸ ਤਰਾਂ ਦੇ ਫਲੈਕਸ ਲਾਏ ਗਏ ਹਨ। ਸੰਵਿਧਾਨ ਬਚਾਓ ਮੰਚ ਦੇ ਆਗੂ ਬਲਕਰਨ ਸਿੰਘ ਬੱਲੀ ਅਤੇ ਡਾ. ਧੰਨਾ ਮੱਲ ਗੋਇਲ ਨੇ ਕਿਹਾ ਕਿ ਮਾਨਸਾ ਜਿਲੇ ਦੇ ਸਾਰੇ ਪਿੰਡਾਂ ਵਿੱਚ 25 ਸਤੰਬਰ ਤੱਕ ਲਗਵਾਏ ਜਾਣ ਦੀ ਮੁਹਿੰਮ ਚਲਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਸੰਵਿਧਾਨ ਬਚਾਓ ਮੰਚ ਨੂੰ ਪਿੰਡਾਂ ਦੇ ਲੋਕਾਂ ਅਤੇ ਪੰਚਾਇਤਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।