ਅਸ਼ੋਕ ਵਰਮਾ
ਮਾਨਸਾ, 17 ਅਕਤੂਬਰ 2020 - ਮਾਨਸਾ ਰੇਲਵੇ ਸਟੇਸ਼ਨ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਲਾਏ ਜਾਮ ਦੌਰਾਨ ਕਿਸਾਨ ਜੁਗਰਾਜ ਸਿੰਘ ਪੁੱਤਰ ਮਹਿੰਦਰ ਸਿੰਘ (ਲਗਭਗ 50 ਸਾਲ) ਪਿੰਡ ਗੁੜੱਦੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਕਿਸਾਨ ਰੇਲਵੇ ਸਟੇਸ਼ਨ ਤੇ ਜਾਮ ਵਿੱਚ ਪਿਛਲੇ 17 ਦਿਨਾਂ ਤੋਂ ਲਗਾਤਾਰ ਆ ਰਿਹਾ ਸੀ। ਕਿਸਾਨ ਨੂੰ ਜਦੋਂ ਸਿਹਤ ਪੱਖੋਂ ਕਮਜ਼ੋਰ ਦੇਖਅਿਾਂ ਫੌਰੀ ਤੌਰ ਤੇ ਸਿਵਲ ਹਸਪਤਾਲ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ।
ਸਾਂਝੀ ਤਾਲਮੇਲ ਸੰਘਰਸ਼ ਕਮੇਟੀ ਨੇ ਸੰਘਰਸ਼ ਪੰਡਾਲ ਵਿੱਚ ਮੀਟਿੰਗ ਕਰਕੇ ਮ੍ਰਿਤਕ ਕਿਸਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਤੇ ਪਰਿਵਾਰ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ। ਮ੍ਰਿਤਕ ਕਿਸਾਨ ਆਪਣੇ ਪਿੱਛੇ 2 ਬੇਟੀਆਂ ਤੇ 1 ਬੇਟਾ ਛੱਡ ਗਿਆ ਹੈ। ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਮਹਿੰਦਰ ਸਿੰਘ ਭੈਣੀਬਾਘਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਕੁਲਦੀਪ ਸਿੰਘ ਚੱਕ ਭਾਈਕੇ, ਹਰਦੇਵ ਸਿੰਘ ਕੋਟਧਰਮੂ, ਆਲ ਇੰਡੀਆ ਕਿਸਾਨ ਸਭਾ ਦੇ ਜੁਗਰਾਜ ਹੀਰਕੇ, ਭਾਰਤੀ ਕਿਸਾਨ ਯੂਨੀਅਨ (ਕਾਂ੍ਰਤੀਕਾਰੀ) ਦੇ ਜਲੌਰ ਸਿੰਘ ਦੂਲੋਵਾਲ, ਪੰਜਾਬ ਕਿਸਾਨ ਯੂਨੀਅਨ ਦੇ ਜਸਵੀਰ ਕੌਰ ਨੱਤ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ, ਆਲ ਇੰਡੀਆ ਕਿਸਾਨ ਸਭਾ (ਪੂਨਾਵਾਲ) ਦੇ ਕੁਲਵਿੰਦਰ ਉੱਡਤ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲਾ) ਦੇ ਜਸਵੀਰ ਸਿੰਘ ਸ਼ੇਰ ਖਾਂ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਨਿਰਮਲ ਸਿੰਘ ਝੰਡੂਕੇ ਆਦਿ ਹਾਜ਼ਰ ਸਨ।