ਰਾਜਵੰਤ ਸਿੰਘ
- ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
- ਕਿਹਾ.. ਸਿੱਧੂ ਬਾਰੇ ਫੈਸਲਾ ਹਾਈਕਮਾਂਡ ਕਰੇਗਾ, ਸੈਸ਼ਨ ਬੁਲਾਉਣਾ ਸੌਖਾ ਪਰ ਸੈਸ਼ਨ ’ਚ ਪਾਸ ਕੀ ਕਰਨਾ ਪਹਿਲਾਂ ਇਸ ’ਤੇ ਵਿਚਾਰ ਜਰੂਰੀ
- ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਸਰੋਵਰ ਦੀ ਹੰਸਾਲੀ ਦੇ ਕੰਮ ਦਾ ਕੀਤਾ ਉਦਘਾਟਨ
ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ 2020 - ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਸਰੋਵਰ ਦੀ ਹੰਸਲੀ ਨੂੰ ਨਵੇਂ ਇਨਲੈਟ ਵਿੱਚ ਤਬਦੀਲ ਕਰਨ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਬੀਤੇ ਕੱਲ੍ਹ ਹੋਏ ਹਮਲੇ ਦਾ ਦੋਸ਼ ਕਾਂਗਰਸ ’ਤੇ ਲੱਗਣ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਗਲਤ ਸੋਚ ਹੈ, ਕਾਂਗਰਸ ਅਜਿਹਾ ਕਿਉਂ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਹਮਲੇ ਨਾਲ ਕੋਈ ਸਬੰਧ ਨਹੀਂ ਅਤੇ ਅਸੀਂ ਉਸ ਹਮਲੇ ਦੀ ਨਿਖੇਧੀ ਕਰਦੇ ਹਾਂ। ਕੈਬਨਿਟ ਮੰਤਰੀ ਬਾਜਵਾ ਨੇ ਰੇਲ ਟਰੈਕ ਜਾਮ ਹੋਣ ਕਾਰਨ ਮੁਸ਼ਕਿਲਾਂ ਪੇਸ਼ ਆਉਣ ਦਾ ਖਦਸ਼ਾ ਜਤਾਇਆ ਤੇ ਕਿਹਾ ਕਿ ਕੋਲੇ ਦਾ ਸਟਾਕ ਸਿਰਫ ਤਿੰਨ ਦਿਨ ਦਾ ਹੈ। ਲੁਧਿਆਣਾ ਵਿਚ ਬਾਸਮਤੀ ਪਈ ਹੈ, ਜੋ ਰੇਲ ਰਾਹੀਂ ਬਾਹਰ ਜਾਣੀ ਹੈ ਤੇ ਖਾਦ ਦਾ ਵੀ ਸਟੋਰ ਘੱਟ ਹੈ। ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਹਾਈਕਮਾਂਡ ਹੀ ਕੋਈ ਫੈਸਲਾ ਲੈ ਸਕਦਾ ਹੈ। ਇਸ ਮੌਕੇ ਉਨ੍ਹਾਂ ਸਰੋਵਰ ਦੀ ਹੰਸਲੀ ਨੂੰ ਇਨਲੈਟ ਵਿੱਚ ਤਬਦੀਲ ਕਰਨ ਲਈ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਨੂੰ 1 ਕਰੋੜ 60 ਲੱਖ ਦਾ ਚੈਕ ਵੀ ਸੌਂਪਿਆ।