ਅਸ਼ੋਕ ਵਰਮਾ
ਬਠਿੰਡਾ, 19 ਸਤੰਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਬਾਦਲ ਵਿਖੇ ਲਗਾਏ ਧਰਨੇ ਦੌਰਾਨ ਸਲਫਾਸ ਖਾ ਕੇ ਖੁਦਕਸ਼ੀ ਕਰਨ ਵਾਲੇ ਕਿਸਾਨ ਪ੍ਰੀਤਮ ਸਿੰਘ (55) ਪੁੱਤਰ ਬਚਨ ਸਿੰਘ ਵਾਸੀ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਦੇ ਪਰਿਵਾਰ ਨੂੰ ਪ੍ਰਸ਼ਾਸਨ ਨੇ ਬਿਨਾਂ ਕਿਸੇ ਹੀਲ ਹੁੱਜਤ ਦੇ ਤਿੰਨ ਲੱਖ ਰੁਪਏ ਸਹਾਇਤਾ ਰਾਸ਼ੀ ਦਾ ਚੈਕ ਦੇ ਦਿੱਤਾ ਹੈ। ਕਿਸਾਨ ਰੋਹ ਨੂੰ ਦੇਖਦਿਆਂ ਸਰਕਾਰ ਨੇ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਮਾਮਲਾ ਨਿਬੇੜਨ ਲਈ ਆਖਿਆ ਸੀ। ਖੇਤੀ ਆਰਡੀਨੈਂਸਾਂ ਨੂੰ ਲੈਕੇ ਪੰਜਾਬ ਭਰ ’ਚ ਕਿਸਾਨੀ ਸੰਘਰਸ਼ ਦਾ ਭੁਚਾਲ ਪਿਆ ਹੋਣ ਕਰਕੇ ਸਰਕਾਰ ਕੋਈ ਖਤਰਾ ਨਹੀਂ ਮੁੱਲ ਲੈਣਾ ਚਾਹੁੰਦੀ ਸੀ ਜਿਸ ਨਾਲ ਰੋਹ ਦੀ ਅੱਗ ਹੋਰ ਭੜਕ ਜਾਵੇ। ਜਾਣਕਾਰੀ ਅਨੁਸਾਰ ਅੱਜ ਬਠਿੰਡਾ ਅਤੇ ਮੁਕਤਸਰ ਸਾਹਿਬ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ ਜਦੋਂਕਿ ਮ੍ਰਿਤਕ ਕਿਸਾਨ ਮਾਨਸਾ ਜ਼ਿਲ੍ਹੇ ਦਾ ਹੋਣ ਕਰਕੇ ਡਿਪਟੀ ਕਮਿਸ਼ਨਰ ਮਾਨਸਾ ਵੀ ਪੁੱਜੇ ਸਨ। ਪਤਾ ਲੱਗਿਆ ਹੈ ਕਿ ਪਹਿਲਾਂ ਦੀ ਤਰ੍ਹਾਂ ਅੱਜ ਅਫਸਰਾਂ ਨੇ ਕੋਈ ਆਨਾਕਾਨੀ ਨਹੀਂ ਕੀਤੀ ਅਤੇ ਮੰਗਾਂ ਨਾਲ ਸਹਿਮਤ ਹੋ ਗਏ।
ਖੇਤੀ ਆਰਡੀਨੈਂਸਾਂ ਦੀ ਥਾਂ ਬਿੱਲ ਪਾਸ ਕਰਨ ਦੇ ਵਿਰੋਧ ਵਿੱਚ ਇਸ ਕਿਸਾਨ ਨੇ ਮੌਤ ਨੂੰ ਗਲੇ ਲਾ ਲਿਆ ਸੀ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਅਤੇ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਤੋਂ ਬਿਨਾਂ ਇਸ ਮੀਟਿੰਗ ‘ਚ ਇਹ ਵੀ ਫੈਸਲਾ ਹੋਇਆ ਹੈ ਕਿ ਕਿਸਾਨ ਪਰਿਵਾਰ ਸਿਰ ਚੜਿਆ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ। ਜਦੋਂ ਕਿ ਡਿਪਟੀ ਕਮਿਸ਼ਨਰ ਮਾਨਸਾ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਲਈ ਸਰਕਾਰ ਕੋਲ ਸਿਫਾਰਸ਼ ਭੇਜਣਗੇ। ਗੌਰਤਲਬ ਹੈ ਕਿ ਕਿਸਾਨ ਪ੍ਰੀਤਮ ਸਿੰਘ ਹੋਰਨਾਂ ਕਿਸਾਨਾਂ ਦੀ ਤਰ੍ਹਾਂ ਬਾਦਲ ਮੋਰਚੇ ’ਚ ਆਇਆ ਸੀ ਜਿੱਥੇ ਉਹ ਸ਼ੁੱਕਰਵਾਰ ਸਵੇਰ ਨਿਗਲ ਗਿਆ ਸੀ। ਉਸ ਨੂੰ ਸਿਵਲ ਹਸਪਤਾਲ ਬਾਦਲ ਲਿਆਂਦਾ ਪਰ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਸੀ। ਪਰਿਵਾਰ ਕੋਲ ਮਸਾਂ ਕਰੀਬ ਛੇ -ਸੱਤ ਏਕੜ ਜਮੀਨ ਹੈ ਜਦੋਂਕਿ 12-13 ਲੱਖ ਰੁਪਏ ਦਾ ਕਰਜ਼ਾ ਹੈ। ਉੱਧਰ ਮਾਮਲੇ ਸਬੰਧੀ ਜ਼ਿਲ੍ਹਾ ਮਾਨਸਾ ਪ੍ਰਸ਼ਾਸਨ ਦਾ ਪੱਖ ਜਾਨਣ ਲਈ ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨੇ ਕਿਹਾ ਕਿ ਇਸ ਸਬੰਧੀ ਗੱਲਬਾਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ ਹੈ ਜਦੋਂਕਿ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਐਸ ਕੇ ਅਰਵਿੰਦ ਕੁਮਾਰ ਨੇ ਫੋਨ ਨਹੀਂ ਚੁੱਕਿਆ।