ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ 2020-31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਰੇਲ ਰੋਕੋ ਪ੍ਰੋਗਰਾਮ ਦੇ ਤਹਿਤ ਸਥਾਨਕ ਰੇਲਵੇ ਲਾਈਨਾਂ ’ਤੇ ਲੱਗਿਆ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਥਾਦੇਵਾਲਾ ਹਰਪ੍ਰੀਤ ਝਬੇਲਵਾਲੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੁਖਦੇਵ ਬੂੜਾਗੁੱਜਰ, ਨੌਜਵਾਨ ਭਾਰਤ ਸਭਾ ਦੇ ਮੰਗਾ ਅਜਾਦ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਝਬੇਲਵਾਲੀ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਲਿਆਦੇ ਕਾਲੇ ਕਾਨੂੰਨ ਇਕੱਲੀ ਕਿਸਾਨੀ ਲਈ ਹੀ ਨਹੀਂ, ਬਲਕਿ ਸਮੁੱਚੇ ਤਬਕਿਆਂ ਲਈ ਹੀ ਖਤਰਨਾਕ ਹਨ।
ਉਨ੍ਹਾਂ ਕਿਹਾ ਇੰਨ੍ਹਾ ਕਾਨੂੰਨਾਂ ਨਾਲ ਹਰ ਵਰਗ ਨੂੰ ਨੁਕਸਾਨ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜਗਦੇਵ ਕਾਨਿਆਂਵਾਲੀ, ਬੀਕੇਯੂ ਲੱਖੋਵਾਲ ਦੇ ਗੁਰਮੀਤ ਸਿੰਘ ਲੰਬੀ ਢਾਬ ਨੇ ਕਿਹਾ ਕਿ ਦੂਜੇ ਕਾਨੂੰਨ ਕਨਟਰੈਕਟ ਫਾਰਮਿੰਗ ਦੇ ਤਹਿਤ ਕਿਸਾਨੀ ਨੂੰ ਤਬਾਹ ਕਰਨਾ ਹੈ ਅਤੇ ਜਮੀਨ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਅਤੇ ਤੀਜੇ ਕਾਨੂੰਨ ਵਿੱਚ ਜਰੂਰੀ ਵਸਤਾਂ ਸੰਬੰਧੀ ਕਾਨੂੰਨ ਲਿਆ ਕੇ ਜਖੀਰੇਬਾਜੀ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਦੇ ਅਮਰਜੀਤ ਸੰਗੂਧੌਣ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਭੁੱਟੀਵਾਲਾ ਨੇ ਕਿਹਾ ਕਿ ਬਿਜਲੀ ਸੋਧ ਕਾਨੂੰਨ ਤਹਿਤ ਮਜਦੂਰਾਂ-ਕਿਸਾਨਾਂ ਨੂੰ ਮਿਲਦੀ ਸਬਸਿਡੀ ਖਤਮ ਕੀਤੀ ਜਾਣੀ ਹੈ।
ਆਗੂਆਂ ਕਿਹਾ ਕਿ ਜਿੰਨੀ ਦੇਰ ਕੇਂਦਰ ਸਰਕਾਰ ਇਹ ਕਾਨੂੰਨ ਵਾਪਿਸ ਨਹੀ ਲੈਂਦੀ ਰੇਲਾਂ ਜਾਮ ਕਰਨ ਦਾ ਪ੍ਰੋਗਰਾਮ ਉਨ੍ਹੀ ਦੇਰ ਜਾਰੀ ਰਹੇਗਾ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਭਰਵੀਂ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਅਪੀਲ ਕੀਤੀ ਗਈ ਕਿ ਲੋਕ ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਬਾਈਕਾਟ ਕਰਨ ਤੇ ਜੀਓ ਦੇ ਸਿਮ ਨਾਲ ਚਲਾਉਣ।