ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ 2020 - ਕੇਂਦਰ ਦੇ ਕਿਸਾਨ ਮਾਰੂ ਤਿੰਨ ਕਾਨੂੰਨਾਂ ਖਿਲਾਫ਼ ਕਰੀਬ 2 ਮਹੀਨੇ ਤੋਂ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਰੇਵਲੇ ਟਰੈਕ, ਟੋਲ ਪਲਾਜ਼ਾ ਅਤੇ ਰਿਲਾਇੰਸ ਦੇ ਪੰਪਾਂ ਉਪਰ ਧਰਨੇ ਦਿੱਤੇ ਜਾ ਰਹੇ ਹਨ। ਇਸ ਸਮੇਂ ਦੌਰਾਨ 2 ਵਾਰ ਕੇਂਦਰ ਸਰਕਾਰ ਵਲੋਂ ਜਥੇਬੰਦੀਆਂ ਨਾਲ ਗੱਲ ਕਰਨ ਦਾ ਸੱਦਾ ਵੀ ਦਿੱਤਾ ਗਿਆ, ਪਰ ਮੀਟਿੰਗਾਂ ਦਾ ਕੋਈ ਫਾਇਦਾ ਨਾ ਹੋਇਆ। ਹੁਣ ਮਜ਼ਬੂਰਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਘਿਰਾਓ ਲਈ ਵੱਖ-ਵੱਖ ਥਾਵਾਂ ਤੋਂ ਜਥੇ ਦਿੱਲੀ ਵੱਲ ਰਾਵਾਨਾ ਕੀਤੇ ਗਏ।
ਕਿਸਾਨਾਂ ਵੱਲੋਂ ਇੱਕ ਟਰੈਕਟਰ ਪਿੱਛੇ ਦੋ-ਦੋ ਟਰਾਂਲੀਆਂ ਪਾ ਕੇ ਲੰਗਰ ਅਤੇ ਰਹਿਣ ਸਹਿਣ ਦਾ ਸਮਾਨ ਲਿਜਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਤੋਂ ਜਗਸੀਰ ਸਿੰਘ ਥਾਂਦੇਵਾਲਾ ਕਿਰਤੀ ਕਿਸਾਨ ਯੂਨੀਅਨ, ਜਗਦੇਵ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਗੋਬਿੰਦ ਸਿੰਘ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਵਿੱਚ ਇੱਕ ਜਥਾ ਰਵਾਨਾ ਹੋਇਆ। ਕਿਸਾਨਾਂ ਨੇ ਜੋਰਦਾਰ ਜੈਕਾਰਿਆਂ ਨਾਲ ਜਥੇ ਨੂੰ ਰਵਾਨਾ ਕੀਤਾ ਅਤੇ ਸਰਕਾਰ ਵਿਰੋਧੀ ਨਾਅਰੇ ਲਗਾਏ। ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਮੋਦੀ ਸਰਕਾਰ ਦੇ ਨਾਲ ਆਰਪਾਰ ਦੀ ਲੜਾਈ ਲੜਨ ਜਾ ਰਹੇ ਹਾਂ ਅਤੇ ਜਿੱਤੇ ਬਿਨਾਂ ਵਾਪਿਸ ਨਹੀਂ ਆਵਾਂਗੇ।