ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ 2020 - ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ ਵਿਚ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਅਧੀਨ ਅੱਜ ਇਸ ਖੇਤਰ ਦੇ ਵੱਡੇ ਪਿੰਡ ਭਾਗਸਰ ਤੋਂ 5 ਟਰੈਕਟਰ-ਟਰਾਲੀਆਂ ਤੇ ਸਵਾਰ ਹੋ ਕੇ ਕਿਸਾਨਾਂ ਦੇ ਇਕ ਵੱਡੇ ਕਾਫਲੇ ਨੇ ਦਿੱਲੀ ਜਾਣ ਲਈ ਵਹੀਰਾਂ ਘੱਤੀਆਂ। ਪਿੰਡ ਦੀ ਬਾਮੂ ਕੀ ਪੱਤੀ ਧਰਮਸ਼ਾਲਾ ਵਿਚ ਕਿਸਾਨਾਂ ਨੇ ਪਹਿਲਾਂ ਇਕ ਇਕੱਠ ਕੀਤਾ।
ਜਿਸ ਦੌਰਾਨ ਪਿੰਡ ਭਾਗਸਰ ਤੋਂ ਇਲਾਵਾ ਲੱਖੇਵਾਲੀ, ਚੱਕ ਮਦਰੱਸਾ, ਵੰਗਲ ਅਤੇ ਰੰਧਾਵਾ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਤੇ ਫਿਰ ਇਹਨਾਂ ਪੰਜ ਪਿੰਡਾਂ ਦੇ ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਵਿਚ ਆਪਣੇ ਖਾਣ ਲਈ ਰਾਸ਼ਨ-ਪਾਣੀ ਰੱਖ ਕੇ ਦਿੱਲੀ ਨੂੰ ਜਾਣ ਲਈ ਚਾਲੇ ਪਾ ਦਿੱਤੇ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਕਿ ਉਹ ਸਰਕਾਰ ਦੀਆਂ ਘੁਰਕੀਆਂ ਤੋਂ ਨਹੀ ਡਰਨਗੇ। ਕਿਉਕਿ ਇਸ ਵੇਲੇ ਕਿਸਾਨ ਆਪਣੇ ਹੱਕਾਂ ਲਈ ਜਾਗਰੂਕ ਹੋ ਚੁੱਕੇ ਹਨ ਤੇ ਆਪਣੇ ਖਿਲਾਫ਼ ਉਹ ਕੁਝ ਵੀ ਨਹੀ ਹੋਣ ਦੇਣਗੇ ਤੇ ਇਸ ਲਈ ਭਾਵੇਂ ਉਹਨਾਂ ਨੂੰ ਕੁਰਬਾਨੀਆਂ ਦੇਣੀਆਂ ਪੈ ਜਾਣ। ਇਸ ਸਮੇਂ ਕਿਸਾਨ ਆਗੂ ਗੁਰਾਂਦਿੱਤਾ ਸਿੰਘ ਭਾਗਸਰ, ਇਕਾਈ ਪ੍ਰਧਾਨ ਹਰਫ਼ੂਲ ਸਿੰਘ, ਕਾਮਰੇਡ ਜਗਦੇਵ ਸਿੰਘ, ਨਰ ਸਿੰਘ ਅਕਾਲੀ, ਕੁਲਵੀਰ ਸਿੰਘ, ਖੇਤਾ ਸਿੰਘ, ਜੱਗਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।