ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ 2020 - ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੱਜ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਖੇਤ ਮਜ਼ੂਦਰਾਂ ਅਤੇ ਸੀਟੂ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਮਜ਼ਾਹਰਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸ ਤੋਂ ਪਹਿਲਾਂ ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਰੋਸ ਮਾਰਚ ਕਰਦਿਆਂ ਕੇਂਦਰ ਦੀਆਂ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ।
ਇਹ ਰੋਸ ਮਾਰਚ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ‘ਮਸੀਤ ਚੌਂਕ’ ਵਿੱਚ ਪੁੱਜਾ, ਜਿੱਥੇ ਮੁਜ਼ਾਹਰਾਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਅਪਾਰ ਸੰਧੂ, ਧਰਮਪਾਲ ਝਬੇਲਵਾਲੀ, ਸੀਟੂ ਆਗੂ ਕਾਮਰੇਡ ਇੰਦਰਜੀਤ, ਤਰਸੇਮ ਲਾਲ, ਖਰੈਤੀ ਲਾਲ ਅਤੇ ਖੇਤ ਮਜ਼ਦੂਰ ਆਗੂ ਮੇਜਰ ਸਿੰਘ ਸੀਰਵਾਲੀ, ਸੁਖਦੇਵ ਸਿੰਘ ਰੁਪਾਣਾ, ਮਲਕੀਤ ਸਿੰਘ ਫੱਤਣਵਾਲਾ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੋਰੋਨਾ ਦੀ ਆੜ ਹੇਠ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਨਿੱਜੀ ਲਾਭ ਦੇਣ ਲਈ ਇਹ ਲੋਕ ਮਾਰੂ ਕਾਨੂੰਨ ਲੋਕਾਂ ’ਤੇ ਥੋਪੇ ਜਾ ਰਹੇ ਹਨ।
ਜਿਸਨੂੰ ਦੇਸ਼ ਵਾਸੀ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਣਗੇ। ਉਪਰੰਤ ਉਨ੍ਹਾਂ ਰੇਲਵੇ ਸਟੇਸ਼ਨ ’ਤੇ ਪਿਛਲੇ 23 ਦਿਨਾਂ ਤੋਂ ਚੱਲ ਰਹੇ ਕਿਸਾਨਾਂ ਦੇ ਧਰਨੇ ’ਚ ਸ਼ੂਮਲੀਅਤ ਕਰਦਿਆਂ ਸਰਮਰਥਨ ਦਾ ਐਲਾਨ ਕੀਤਾ। ਇਸ ਮੌਕੇ ਮੇਜਰ ਸਿੰਘ ਸੀਰਵਾਲੀ,ਦਵਿੰਦਰ ਕੋਟਲੀ, ਲਛਮਣ ਸਿੰਘ, ਜਰਨੈਲ ਸਿੰਘ ਰੋੜਾਂਵਾਲੀ, ਸ਼ਿਵਰਾਜ ਸਿੰਘ ਭੰਗਚੜ੍ਹੀ, ਸੁਖਰਾਜ ਸਿੰਘ ਉਦੇਕਰਨ, ਨਿਰਮਲ ਸੰਗੂਧੌਣ, ਗੁਰਮੀਤ ਲੰਬੀ ਢਾਬ, ਬੋਹੜ ਸਿੰਘ ਸਰਪੰਚ, ਸੁਖਦੇਵ ਸਿੰਘ ਲੰਡੇਰੋਡੇ ਆਦਿ ਤੋਂ ਹੋਰ ਵੀ ਹਾਜ਼ਰ ਸਨ।