ਫ਼ਿਰੋਜ਼ਪੁਰ 4 ਨਵੰਬਰ 2020 - ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਦੇਸ਼ ਪੱਧਰ 'ਤੇ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਪਾਸ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ 5 ਨਵੰਬਰ ਨੂੰ ਦਿੱਤੇ ਚੱਕਾ ਜਾਮ ਦੇ ਸੱਦੇ 'ਤੇ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਫਿਰੋਜ਼ਪੁਰ ਨੇ ਹਮਾਇਤ ਦਿੱਤੀ ਹੈ। ਸਾਂਝਾ ਫਰੰਟ ਦੇ ਆਗੂ ਕਿਸ਼ਨ ਚੰਦ ਜਾਗੋਵਾਲੀਆ, ਅਜੀਤ ਸਿੰਘ ਸੋਢੀ, ਰਾਕੇਸ਼ ਕੁਮਾਰ ਸ਼ਰਮਾ, ਰਾਮ ਪ੍ਰਸਾਦ, ਹਰਭਗਵਾਨ ਕੰਬੋਜ਼, ਬਲਬੀਰ ਸਿੰਘ ਕੰਬੋਜ਼, ਓਮ ਪ੍ਰਕਾਸ਼, ਨਰੇਸ਼ ਸੇਠੀ, ਦਰਸ਼ਨ ਸਿੰਘ ਭੁੱਲਰ, ਮੁਖਤਿਆਰ ਸਿੰਘ, ਸ਼ਿੰਗਾਰ ਚੰਦ, ਮਨੋਹਰ ਲਾਲ, ਬਲਵਿੰਦਰ ਸਿੰਘ ਭੁੱਟੋ, ਜੰਗੀਰ ਸਿੰਘ ਜ਼ੀਰਾ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸਾਰੀਆਂ ਜਮਹੂਰੀ ਅਤੇ ਪਾਰਲੀਮਾਨੀ ਰਵਾਇਤਾਂ ਨੂੰ ਤੋੜ ਕੇ ਜਬਾਨੀ ਵੋਟ ਰਾਹੀਂ ਖੇਤੀ ਦੇ ਮੁਲ ਢਾਂਚੇ ਨੂੰ ਤੋੜਣ ਵਾਲੇ ਖੇਤੀ ਕਾਨੂੰਨ ਪਾਸ ਕਰ ਦਿੱਤੇ ਹਨ।
ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਖੇਤੀ ਵਸਤਾਂ ਦੇ ਖਪਤਕਾਰਾਂ ਤੇ ਬਹੁਤ ਬੁਰਾ ਅਸਰ ਪਵੇਗਾ। ਸਰਕਾਰੀ ਖਰੀਦ ਘਟਣ ਨਾਲ ਲੋਕ ਪ੍ਰਣਾਲੀ ਰਾਹੀਂ ਗਰੀਬ ਲੋਕਾਂ ਨੂੰ ਸਸਤਾ ਅਨਾਜ ਦਿੱਤੇ ਜਾਣ ਦੀ ਕਾਨੂੰਨੀ ਵਿਵਸਥਾ ਖਤਮ ਹੋ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 5 ਨਵੰਬਰ ਨੂੰ 12 ਵਜੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਇਕੱਤਰ ਹੋਣ ਦੀ ਅਪੀਲ ਕੀਤੀ।