- ਪੰਜਾਬ 'ਚ ਕਿਸਾਨੀ-ਧਰਨੇ 194ਵੇਂ ਦਿਨ ਵੀ ਰਹੇ ਜਾਰੀ
ਚੰਡੀਗੜ੍ਹ, 11 ਅਪ੍ਰੈਲ 2021 - ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨੇ ਪ੍ਰੋਗਰਾਮਾਂ ਲਈ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਨੇ ਕਿਸਾਨਾਂ ਦੀ ਲਾਮਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ, ਨੁੱਕੜ-ਮੀਟਿੰਗਾਂ, ਝੰਡਾ-ਮਾਰਚ, ਰੋਸ-ਮਾਰਚ, ਢੋਲ-ਮਾਰਚ ਅਤੇ ਔਰਤਾਂ ਅਤੇ ਨੌਜਵਾਨਾਂ ਦੀਆਂ ਵਿਸ਼ੇਸ਼ ਮੀਟਿੰਗਾਂ ਕਰਨ ਦਾ ਸੱਦਾ ਦਿੱਤਾ ਗਿਆ ਹੈ। 13 ਅਪਰੈਲ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਜਲਿਆਂਵਾਲਾ ਬਾਗ ਕਾਂਡ ਨੂੰ ਸਮਰਪਿਤ ਪਿੰਡ-ਪਿੰਡ ਇਨਕਲਾਬੀ ਨਾਟਕ ਅਤੇ ਭਾਸ਼ਣ ਕਰਵਾਏ ਜਾਣਗੇ।
ਦੂਜੇ ਪਾਸੇ ਪੰਜਾਬ 'ਚ 68 ਥਾਵਾਂ 'ਤੇ ਚਲਦੇ ਪੱਕੇ-ਧਰਨੇ ਵੀ 194ਵੇਂ ਦਿਨ ਜਾਰੀ ਰਹੇ। ਪੰਜਾਬ ਦੇ ਮੁਲਾਜ਼ਮਾਂ ਦੇ ਵੱਖ-ਵੱਖ ਜਿਲ੍ਹਿਆਂ ਤੋਂ ਜਥੇ ਦਿੱਲੀ ਕਿਸਾਨ-ਮੋਰਚੇ ਲਈ ਰਵਾਨਾ ਹੋ ਗਏ ਹਨ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਇਹਨਾਂ ਜਥਿਆਂ ਦੀ ਅਗਵਾਈ ਕਰ ਰਹੇ ਹਨ।
ਬਰਨਾਲਾ ਤੋਂ ਅਧਿਆਪਕ ਆਗੂ ਗੁਰਮੀਤ ਸਿੰਘ ਸੁਖਪੁਰ ਅਤੇ ਰਾਜੀਵ ਕੁਮਾਰ ਦੀ ਅਗਵਾਈ 'ਚ ਅਤੇ ਸੰਗਰੂਰ ਤੋਂ ਗੁਰਬਖ਼ਸੀਸ ਸਿੰਘ ਬਰਾੜ, ਹਰਜੀਤ ਸਿੰਘ ਬਾਲੀਆਂ ਅਤੇ ਸਵਰਨਜੀਤ ਸਿੰਘ ਦੀ ਅਗਵਾਈ 'ਚ ਵੱਡਾ ਜਥੇ ਟੀਕਰੀ-ਬਾਰਡਰ ਲਈ ਰਵਾਨਾ ਹੋਏ। ਸਿੰਘੂ-ਬਾਰਡਰ 'ਤੇ ਵੀ ਮੁਲਾਜ਼ਮਾਂ ਦੇ ਜਥੇ ਪਹੁੰਚੇ ਹਨ। ਆਗੂਆਂ ਨੇ ਕਿਹਾ ਕਿ ਹਾੜੀ ਦੇ ਸੀਜ਼ਨ ਦੌਰਾਨ ਕੁੱਝ ਕਿਸਾਨ ਭਰਾਵਾਂ ਨੂੰ ਪੰਜਾਬ ਵਾਪਿਸ ਆਉਣਾ ਪਿਆ ਹੈ, ਭਰਾਤਰੀ ਸਹਿਯੋਗ ਦਿੰਦਿਆਂ ਮੁਲਾਜ਼ਮ ਜਥੇਬੰਦੀਆਂ ਨੇ ਵੱਖ-ਵੱਖ ਜਿਲ੍ਹਿਆਂ ਦੀਆਂ ਡਿਊਟੀਆਂ ਮੁਤਾਬਿਕ ਜਥੇ ਦਿੱਲੀ ਭੇਜਣ ਦਾ ਫੈਸਲਾ ਲਿਆ ਹੈ।
ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਅੰਦੋਲਨ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ, ਸਗੋਂ ਹਰ ਵਰਗ ਦੀ ਸ਼ਮੂਲੀਅਤ ਕਰਵਾਉਂਦਿਆਂ ਅੰਦੋਲਨ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ।
ਉਹਨਾਂ ਕਿਹਾ ਕਿ ਕਿਸਾਨਾਂ ਵਲੋਂ ਕਾਲੇ ਕਾਨੂੰਨਾਂ ਵਿਰੁੱਧ ਕੀਤਾ ਜਾ ਸੰਘਰਸ਼ ਸਮੂਹ ਲੋਕਾਂ ਲਈ ਹੈ, ਕਿਉਂਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਿੱਥੇ ਜ਼ਮੀਨਾਂ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਵੇਗਾ, ਉਥੇ ਅਨਾਜ ਸਬਜ਼ੀਆਂ, ਦਾਲਾਂ, ਮਸਾਲੇ ਅਤੇ ਹੋਰ ਖਾਧ ਪਦਾਰਥ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣਗੇ। ਜਿਸ ਕਾਰਨ ਭੁੱਖ ਮਰੀ ਵਿਚ ਵਾਧਾ ਹੋਵੇਗਾ ਅਤੇ ਲੋਕਾਂ ਦੇ ਜੀਵਨ ਪੱਧਰ ਵਿਚ ਗਿਰਾਵਟ ਆਵੇਗੀ। ਇਸ ਲਈ ਹੁਣ ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ ਅਤੇ ਛੋਟੇ ਕਾਰੋਬਾਰੀਆਂ ਦਾ ਏਕਾ ਉਸਾਰਨਾ ਸਮੇਂ ਦੀ ਅਹਿਮ ਲੋੜ ਹੈ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿਸਾਨਾਂ ਨੇ ਸੰਘਰਸ਼ੀ-ਮੋਰਚਿਆਂ ਤੋਂ ਪਿੱਛੇ ਨਾ ਹਟਣ ਦਾ ਅਹਿਦ ਲਿਆ ਹੈ। ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਗਿਣਤੀ ਬਰਕਰਾਰ ਰੱਖਦਿਆਂ ਕਿਸਾਨਾਂ ਨੇ ਕੇਂਦਰ-ਸਰਕਾਰ ਨੂੰ ਸੰਦੇਸ਼ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਪਿਛਾਂਹ ਨਹੀਂ ਹਟਣਗੇ।
ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਨੂੰ ਕਰੋਨਾ ਦਾ ਹਵਾਲਾ ਦੇ ਕੇ ਅੰਦੋਲਨ ਖਤਮ ਕਰਨ ਦੀ ਅਪੀਲ 'ਤੇ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਸਖ਼ਤ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਕਰੋਨਾ ਅਤੇ ਲੋਕਾਂ ਦੀ ਸਿਹਤ ਪ੍ਰਤੀ ਐਨੀ ਹੀ ਫਿਕਰਮੰਦ ਹੈ ਤਾਂ ਕਰੋਨਾ ਮੌਕੇ ਕੀ ਕਾਲੇ-ਕਾਨੂੰਨ ਕਿਉਂ ਲਿਆਂਦੇ ਗਏ??
ਦੇਸ਼ ਭਰ ਦੇ ਕਿਸਾਨ ਇਹਨਾਂ ਕਾਨੂੰਨਾਂ ਨੂੰ ਜ਼ਿੰਦਗੀ ਦਾ ਸਵਾਲ ਸਮਝਦੇ ਹਨ ਅਤੇ ਮੋਰਚਿਆਂ 'ਤੇ ਡਟੇ ਹੋਏ ਹਨ। ਬੁਰਜ਼ਗਿੱਲ ਨੇ ਕਿਹਾ ਕਿ ਸਰਕਾਰ ਕਾਨੂੰਨ ਰੱਦ ਕਰ ਦੇਵੇ ਅਤੇ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖ੍ਰੀਦ ਦੀ ਗ੍ਰੰਟੀ ਦਾ ਕਾਨੂੰਨ ਬਣਾ ਦੇਵੇ, ਸਾਰੇ ਕਿਸਾਨ ਉਦੋਂ ਹੀ ਘਰਾਂ ਨੂੰ ਚਲੇ ਜਾਣਗੇ।
ਕਿਸਾਨ ਆਗੂਆਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵੇਚਣਯੋਗ ਸਾਰੀ ਕਣਕ ਸਰਕਾਰੀ ਮੰਡੀਆਂ ਵਿੱਚ ਹੀ ਪਹੁੰਚਾਈ ਜਾਵੇ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਮੰਡੀਆਂ ‘ਚ ਪਹੁੰਚੀ ਕਣਕ ਦਾ ਦਾਣਾ ਦਾਣਾ ਮਿਥੇ ਹੋਏ ਐਮ ਐਸ ਪੀ 'ਤੇ ਖਰੀਦ ਕਰਵਾਉਣ ਲਈ ਵੀ ਮੰਡੀਆਂ ਵਿੱਚ ਥਾਂ ਥਾਂ ਮੋਰਚੇ ਲਾਏ ਜਾਣਗੇ।
ਆਗੂਆਂ ਨੇ ਕਿਹਾ ਕਿ ਸ਼ਹੀਦ ਹੋਏ 351 ਸ਼ਹੀਦ ਕਿਸਾਨਾਂ ਨੂੰ ਸੱਚੀ ਸਰਧਾਂਜਲੀ ਇਹੋ ਹੈ ਕਿ ਅਸੀਂ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਇਤਿਹਾਸਕ ਕਿਸਾਨ ਘੋਲ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੀ ਤਨ ਮਨ ਧਨ ਨਾਲ ਮੱਦਦ ਕਰੀਏ ਅਤੇ ਮੋਰਚੇ ਦੀ ਲੀਡਰਸ਼ਿਪ ਖਿਲਾਫ਼ ਕੂੜ ਪਰਚਾਰ ਦੀ ਮੁਹਿੰਮ ਦਾ ਡਟ ਕੇ ਵਿਰੋਧ ਕਰੀਏ ਅਤੇ ਉਸਦੀ ਵਿਚਾਰਧਾਰਕ ਤੌਰ ਤੇ ਰਖਵਾਲੀ ਕਰੀਏ।