ਮਨਿੰਦਰਜੀਤ ਸਿੱਧੂ
ਜੈਤੋ, 21 ਸਿਤੰਬਰ 2020 - ਕੇਂਦਰ ਸਰਕਾਰ ਦੁਆਰਾ ਲਿਆਂਦੇ ਜਾ ਰਹੇ ਖੇਤੀਬਾੜੀ ਸੰਬੰਧੀ ਕਾਨੂੰਨਾਂ ਵਿਰੁੱਧ ਉੱਠ ਰਹੇ ਸੰਘਰਸ਼ਾਂ ਦੇ ਪਿੜ ਵਿੱਚ ਅੱਜ ਜੈਤੋ ਹਲਕੇ ਦੇ ਕਾਂਗਰਸੀਆਂ ਨੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਅਗਵਾਈ ਵਿੱਚ ਹਾਜ਼ਰੀ ਲਵਾਈ।ਕੇਂਦਰ ਸਰਕਾਰ ਦੇ ਉਕਤ ਬਿੱਲਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸਮੁੱਚੇ ਸ਼ਹਿਰ ਵਿੱਚੋਂ ਦੀ ਰੋਸ ਮਾਰਚ ਕਰਦੇ ਹੋਏ ਕੇਂਦਰ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ ਗਈ।ਉਸ ਉਪਰੰਤ ਰਾਮਲੀਲਾ ਗਰਾਊਂਡ ਦੇ ਨੇੜੇ ਚੌਂਕ ਨੰਬਰ 2 ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।ਇਕੱਤਰ ਹੋਏ ਸ਼ਹਿਰਵਾਸੀਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਕਾਨੂੰਨ ਸਿਰਫ ਕਾਨੂੰਨ ਨਹੀਂ ਸਗੋਂ ਇਹ ਕਿਸਾਨਾਂ ਦੇ ਮੌਤ ਦਾ ਵਾਰੰਟ ਹਨ।ਸਾਹ ਵਰੋਲਦੀ ਕਿਸਾਨੀ ਇਹਨਾਂ ਆਰਡੀਨੈਂਸਾਂ ਦੇ ਪਾਸ ਹੋਣ ਤੋਂ ਬਾਅਦ ਬਿਲਕੁਲ ਤਬਾਹ ਹੋ ਜਾਵੇਗੀ।ਉਹਨਾਂ ਕਿਹਾ ਕਿ ਜਿਸ ਅੰਨਦਾਤਾ ਨੇ ਆਪਣੀ ਹੱਡ-ਭੰਨਵੀਂ ਕਮਾਈ ਨਾਲ ਦੇਸ਼ ਦੇ ਅੰਨ-ਭੰਡਾਰਾਂ ਨੂੰ ਭਰਿਆ ਹੈ ਅਤੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੈ, ਅੱਜ ਉਸੇ ਕਿਸਾਨ ਨੂੰ ਬਰਬਾਦ ਕਰਨ ਲਈ ਅਤੇ ਚੰਦ ਕੁ ਕਾਰਪੋਰੇਟਾਂ ਨੂੰ ਲਾਹਾ ਪਹੁੰਚਾਉਣ ਲਈ ਮੋਦੀ ਹਕੂਮਤ ਇਹ ਕਾਲੇ ਕਾਨੂੰਨ ਲਿਆ ਰਹੀ ਹੈ।ਇਸ ਮੌਕੇ ਮੁਹੰਮਦ ਸਦੀਕ ਦੀ ਬੇਟੀ ਤੇ ਮਹਿਲਾ ਕਾਂਗਰਸੀ ਆਗੂ ਬੀਬਾ ਜਾਵੇਦ ਅਖ਼ਤਰ ਨੇ ਕੇਂਦਰ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਹੰਕਾਰੀ ਹੋਈ ਮੋਦੀ ਹਕੂਮਤ ਦੁਆਰਾ ਪਾਸ ਕੀਤੇ ਇਹ ਕਾਨੂੰਨ ਮੋਦੀ ਹਕੂਮਤ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਿਤ ਹੋਣਗੇ।ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸਾਨਾਂ ਮੂਹਰੇ ਨਾ ਤਾਂ ਅੱਜ ਤੱਕ ਕੋਈ ਅੜ ਸਕਿਆ ਹੈ ਅਤੇ ਨਾ ਹੀ ਅੜ ਸਕੇਗਾ।ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਇਹ ਕਾਲੇ ਕਾਨੂੰਨ ਪਾਸ ਹੋ ਜਾਂਦੇ ਹਨ ਤਾਂ ਦੇਸ਼ ਦੀ ਕਿਰਸਾਨੀ ਤਬਾਹ ਹੋ ਜਾਵੇਗੀ। ਦੇਸ਼ ਦੇ ਕਿਸਾਨ ਆਪਣੇ ਹੀ ਖੇਤਾਂ ਵਿੱਚ ਟਿਫਿਨ ਲੈ ਕੇ ਕਾਰਪੋਰੇਟਾਂ ਦੇ ਦਿਹਾੜੀ ਕਰਨ ਜਾਇਆ ਕਰਨਗੇ।ਇਹ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀਆਂ ਹਨ।
ਦੀ ਟਰੱਕ ਆਪਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਦੀਪ ਸਿੰਘ ਔਲਖ ਰਾਮੇਆਣਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਨਾਲ ਹੈ ਅਤੇ ਇਹਨਾਂ ਕਾਲੇ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।ਇਹਨਾਂ ਕਾਨੂੰਨਾਂ ਨਾਲ ਕੇਵਲ ਕਿਸਾਨ ਹੀ ਨਹੀਂ, ਸਗੋਂ ਮਜਦੂਰ, ਆੜ੍ਹਤੀਏ, ਦੁਕਾਨਦਾਰ ਆਦਿ ਵਰਗ ਪ੍ਰਭਾਵਿਤ ਹੋਣਗੇ ਅਤੇ ਉਹਨਾਂ ਦੇ ਕਾਰੋਬਾਰ ਖੁੱਸ ਜਾਣਗੇ।ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਮਿਹਰ ਸਿੰਘ ਕਰੀਰਵਾਲੀ, ਕਾਂਗਰਸੀ ਆਗੂ ਸੰਜੀਵ ‘ਰਾਜਾ ਭਾਰਦਵਾਜ’, ਦੀ ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ ਰਾਮੇਆਣਾ, ਕੱਚਾ ਆੜਤੀਆਂ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਲਖਵੀਰ ਸਿੰਘ ‘ਮੱਲੀ’ ਮੱਤਾ, ਜ਼ਿਲਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਿੱਧੂ ਕਾਸਮ ਭੱਟੀ ਤੇ ਜਨਰਲ ਸੈਕੰਟਰੀ ਸੰਦੀਪ ਕੁਮਾਰ ਰੋਮਾਣਾ ਅਜੀਤ ਸਿੰਘ, ਮਾਰਕੀਟ ਕਮੇਟੀ ਜੈਤੋ ਦੇ ਮੈਂਬਰ ਸੁਖਪਾਲ ਸਿੰਘ ‘ਪਾਲੀ ਬਰਾੜ’ ਕੋਠੇ ਕਿਹਰ ਸਿੰਘ ਵਾਲੇ, ਮੈਂਬਰ ਦਵਿੰਦਰਬੀਰ ਸਿੰਘ ਬਰਾੜ ਮੱਤਾ ਤੇ ਮੈਂਬਰ ਬਹਾਦਰ ਸਿੰਘ ਚੈਨਾ, ਜ਼ਿਲਾ ਪ੍ਰੀਸ਼ਦ ਮੈਂਬਰ ਡਾ. ਹਰਭਜਨ ਸਿੰਘ ਸੇਵੇਵਾਲਾ, ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਸੂਰਘੂਰੀ, ਪ੍ਰਦੀਪ ਕੁਮਾਰ ਗਰਗ ਮਲੋਟ ਵਾਲੇ, ਐਡਵੋਕੇਟ ਮਦਨ ਲਾਲ ਬਾਂਸਲ, ਕਾਮਰੇਡ ਰਣਬੀਰ ਚੰਦ ਪੰਵਾਰ, ਪਰਮਜੀਤ ਸਿੰਘ ਅਜਿੱਤਗਿੱਲ, ਗੁਰਮੀਤ ਸਿੰਘ ਧਾਲੀਵਾਲ ਕੋਠੇ ਹਵਾਨਾ, ਸੇਵਾ ਸਿੰਘ ਲੀਡਰ ਬਿਸ਼ਨੰਦੀ, ਜਸਵੀਰ ਸਿੰਘ ‘ਜੱਸੀ’ ਚੈਨਾ, ਗੁਰਬਾਜ ਸਿੰਘ ਕਰੀਰਵਾਲੀ ਆਦਿ ਹਾਜ਼ਰ ਸਨ।