ਅਸ਼ੋਕ ਵਰਮਾ
ਚੰਡੀਗੜ੍ਹ, 19 ਮਾਰਚ 2021 - ਭਾਰਤੀ ਕਿਸਾਨ ਯੂਨੀਅਨ( ਏਕਤਾ ਉਗਰਾਹਾਂ) ਵੱਲੋਂ ਅੱਜ ਪੰਜਾਬ ਵਿਚਲੇ 42 ਧਰਨੇ ਪੈਪਸੂ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੇ ਗਏ ਅਤੇ ਕਣਕ ਦੀ ਖ੍ਰੀਦ ‘ਚ ਅੜਿੱਕੇ ਵਾਲਾ ਐਫ ਸੀ ਆਈ ਦਾ ਫੈਸਲਾ ਵਾਪਸ ਕਰਾਉਣ ਲਈ ਮੰਡੀਆਂ ‘ਚ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਤੱਕ ਮੰਗ ਪੱਤਰ ਭੇਜੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੁਜ਼ਾਰੇ ਕਿਸਾਨਾਂ ਲਈ ਜ਼ਮੀਨ ਮਾਲਕੀ ਹੱਕ ਲੈਣ ਵਾਲੇ ਇਸ ਆਪਾਵਾਰੂ ਸੰਘਰਸ਼ ਵਿੱਚ ਹਕੂਮਤੀ ਹਥਿਆਰਬੰਦ ਧਾੜਾਂ ਨਾਲ ਸਿੱਧੇ ਮੱਥੇ ਭਿੜ ਕੇ ਸ਼ਹੀਦੀ ਜਾਮ ਪੀਣ ਵਾਲੇ ਸਿਰਲੱਥ ਸੂਰਮਿਆਂ ਦੀ ਯਾਦ ਵਿੱਚ ਥਾਂ ਥਾਂ ਦੋ ਮਿੰਟ ਦਾ ਮੌਨ ਧਾਰਿਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਜ਼ਮੀਨਾਂ ਦੀ ਰਾਖੀ ਲਈ ਬੁਲੰਦੀਆਂ ਛੂਹ ਰਹੇ ਮੌਜੂਦਾ ਕਿਸਾਨ ਘੋਲ਼ ਲਈ ਪ੍ਰੇਰਨਾ ਸਰੋਤ ਦੱਸਿਆ ।
ਐਮ ਐਸ ਪੀ ‘ਤੇ ਕਣਕ ਦੀ ਸਰਕਾਰੀ ਖ੍ਰੀਦ ਲਈ ਜਮ੍ਹਾਂਬੰਦੀਆਂ ਦੀ ਅੜਿੱਕਾ ਪਾਊ ਸ਼ਰਤ ਨੂੰ ਛੋਟੇ ਤੇ ਬੇਜ਼ਮੀਨੇ ਕਿਸਾਨਾਂ ਦੀ ਕਣਕ ਵੱਡੇ ਵਪਾਰੀਆਂ ਤੇ ਕਾਰਪੋਰੇਟ ਘਰਾਣਿਆਂ ਵੱਲੋਂ ਕੌਡੀਆਂ ਦੇ ਭਾਅ ਲੁੱਟੇ ਜਾਣ ਦੀ ਖੁੱਲ੍ਹ ਕਰਾਰ ਦਿੱਤਾ ਗਿਆ। ਇਹ ਕਿਸਾਨ ਮਾਰੂ ਫੈਸਲਾ ਵਾਪਸ ਕਰਾਉਣ ਦੀ ਮੰਗ ਨੂੰ ਲੈ ਕੇ ਜਥੇਬੰਦੀ ਵੱਲੋਂ 16 ਜਿਲ੍ਹਿਆਂ ਦੀਆਂ 51 ਮੰਡੀਆਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨੂੰ ਸੰਬੋਧਤ ਮੰਗ ਪੱਤਰ ਮੰਡੀਕਰਨ/ਸਿਵਲ ਅਧਿਕਾਰੀਆਂ ਨੂੰ ਸੌਂਪੇ ਗਏ। ਵੱਖ ਵੱਖ ਥਾਂਈਂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਅਮਰਜੀਤ ਸਿੰਘ ਸੈਦੋਕੇ, ਮੋਠੂ ਸਿੰਘ ਕੋਟੜਾ, ਚਮਕੌਰ ਸਿੰਘ ਨੈਣੇਵਾਲ, ਬਲਵੰਤ ਸਿੰਘ ਘੁਡਾਣੀ, ਮਨਜੀਤ ਸਿੰਘ ਨਿਆਲ, ਲਖਵਿੰਦਰ ਸਿੰਘ ਮੰਜਿਆਂਵਾਲੀ ਆਦਿ ਸ਼ਾਮਲ ਸਨ।
ਬੁਲਾਰਿਆਂ ਵੱਲੋਂ ਮੰਗ ਕੀਤੀ ਗਈ ਕਿ ਤਿੰਨੇ ਕਾਲੇ ਖੇਤੀ ਕਾਨੂੰਨਾਂ ਸਮੇਤ ਬਿਜਲੀ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕੀਤੇ ਜਾਣ, ਐਮ ਐਸ ਪੀ 'ਤੇ ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਪੂਰੇ ਦੇਸ਼ ‘ਚ ਕਰਨ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਦੇਸ਼ ਦੇ ਸਾਰੇ ਗਰੀਬਾਂ ਲਈ ਲਾਗੂ ਕਰਨ ਦੇ ਕਾਨੂੰਨ ਬਣਾਏ ਜਾਣ। ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਸੰਘਰਸ਼ਸ਼ੀਲ ਕਿਸਾਨਾਂ ਅਤੇ ਹਮਾਇਤੀ ਲੋਕਾਂ ਸਿਰ ਮੜ੍ਹੇ ਦੇਸ਼ਧ੍ਰੋਹੀ ਵਰਗੇ ਝੂਠੇ ਮੁਕੱਦਮੇ ਰੱਦ ਕਰਕੇ ਸਭਨਾਂ ਨਜ਼ਰਬੰਦਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਜ਼ਬਤ ਕੀਤੇ ਟ੍ਰੈਕਟਰਾਂ ਸਮੇਤ ਕੁੱਲ ਸਮਾਨ ਵਾਪਸ ਕੀਤਾ ਜਾਵੇ। ਇਸ ਘੋਲ਼ ‘ਚ ਹੁਣ ਤੱਕ ਜਾਨਾਂ ਲੇਖੇ ਲਾ ਚੁੱਕੇ 300 ਤੋਂ ਵੱਧ ਸ਼ਹੀਦਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਇਹ ਸੰਘਰਸ਼ ਵੱਖ ਵੱਖ ਪੜਾਵਾਂ 'ਚੋਂ ਗੁਜ਼ਰਦਾ ਹੋਇਆ ਮੌਜੂਦਾ ਦੇਸ਼ਵਿਆਪੀ ਪੜਾਅ ਤੱਕ ਪੁੱਜਿਆ ਹੈ। ਸਾਮਰਾਜੀ ਦਿਸ਼ਾ-ਨਿਰਦੇਸ਼ਤ ਆਰਥਕ ਸੁਧਾਰਾਂ ਪ੍ਰਤੀ ਮੋਦੀ ਹਕੂਮਤ ਦੀ ਗੂੜ੍ਹੀ ਵਫ਼ਾਦਾਰੀ ਹੋਣ ਕਾਰਨ ਇਹ ਸੰਘਰਸ਼ ਲੰਬਾ ਦਮ ਰੱਖ ਕੇ ਲੜਨ ਦੀ ਅਣਸਰਦੀ ਲੋੜ ਹੈ। ਇਸਨੂੰ ਮੁਲਕ ਵਿਆਪੀ ਬਣਾਉਣ ਅਤੇ ਹੋਰ ਵੀ ਵਿਸ਼ਾਲ ਔਰ ਮਜਬੂਤ ਕਰਨ ਦੀ ਲੋੜ ਹੈ। ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਉਨ੍ਹਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਸੱਦਾ ਦਿੱਤਾ ਕਿ ਉਹ 21 ਮਾਰਚ ਨੂੰ ਸੁਨਾਮ ਦਾਣਾ ਮੰਡੀ ਵਿਖੇ ਸ਼ਹੀਦੇਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸੰਗਰਾਮੀ ਸ਼ਰਧਾਂਜਲੀ ਦੇਣ ਲਈ ਕੀਤੀ ਜਾ ਰਹੀ ਸਾਮਰਾਜ ਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝੀ ਨੌਜਵਾਨ ਕਾਨਫ਼ਰੰਸ ਵਿਚ ਵਹੀਰਾਂ ਘੱਤ ਕੇ ਪੁੱਜਣ।
ਉਨ੍ਹਾਂ ਕਿਹਾ ਕਿ 23 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਦਿੱਲੀ ਮੋਰਚਿਆਂ ਉੱਪਰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 22 ਮਾਰਚ ਨੂੰ ਦਿੱਲੀ ਟਿਕਰੀ ਬਾਰਡਰ ਵੱਲ ਕੂਚ ਕਰ ਰਹੇ ਵੱਡੇ ਕਾਫ਼ਲੇ ਵਿੱਚ ਵੀ ਵਧ ਚੜ੍ਹ ਕੇ ਸ਼ਾਮਲ ਹੋਇਆ ਜਾਵੇ। ਆਗੂਆਂ ਨੇ ਸਮੂਹ ਕਿਸਾਨਾਂ ਮਜਦੂਰਾਂ ਮੁਲਾਜ਼ਮਾਂ ਵਿਦਿਆਰਥੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਸੱਦਾ ਦਿੱਤਾ ਕਿ ਉਹ 26 ਤਾਰੀਕ ਦੇ ਮੁਕੰਮਲ ਭਾਰਤ ਬੰਦ ਦੇ ਐਕਸ਼ਨ ਨੂੰ ਸਫਲ ਕਰਨ ਲਈ ਅੱਜ ਤੋਂ ਹੀ ਜ਼ੋਰਦਾਰ ਤਿਆਰੀਆਂ ਵਿਚ ਜੁੱਟ ਜਾਣ।