ਅਸ਼ੋਕ ਵਰਮਾ
- ਬਿਰਧ ਔਰਤਾਂ ਨੇ ਮਾਰੀ ਸਰਕਾਰ ਨੂੰ ਲਲਕਾਰ
ਬਠਿੰਡਾ, 2 ਅਕਤੂਬਰ 2020 - ਅੱਜ ਦੇ ਕਿਸਾਨ ਮੋਰਚੇ ’ਚ ਬਿਰਧ ਔਰਤਾਂ ਨੇ ਲਲਕਾਰ ਮਾਰੀ ਕਿ ਹੁਣ ਮੋਦੀ ਦੀ ਹਾਂ ਜਾਂ ਨਾਂਹ ਤੇ ਅੰਬਾਨੀਆਂ ਅਡਾਨੀਆਂ ਦੇ ਕਾਰੋਬਾਰਾਂ ਦੇ ਬੂਹੇ ਖੁੱਲਣ ਦਾ ਫੈਸਲਾ ਟਿਕਿਆ ਹੋਇਆ ਹੈ। ਇਹ ਬਜ਼ੁਰਗ ਔਰਤਾਂ ਹਨ ਜਿੰਨਾਂ ਨੇ ਕਿਸਾਨ ਸੰਘਰਸ਼ਾਂ ’ਚ ਜਿੰਦਗੀ ਗੁਜ਼ਾਰ ਦਿੱਤੀ ਹੈ। ਹੁਣ ਉਮਰ ਦੇ ਅਤਲੇ ਪੜਾਅ ’ਚ ਉਨਾਂ ਨੇ ਚੁੱਲੇ ਚੌਂਕੇ ਛੱਡ ਦਿੱਤੇ ਹਨ। ਮੋਦੀ ਹਕੂਮਤ ਤਾਂ ਇੰਨਾਂ ਨੂੰ ਖੜਸੁੱਕ ਹਕੂਮਤ ਵਾਂਗੂੰ ਜਾਪਦੀ ਹੈ ਜਿਸ ਤੋਂ ਕਦੇ ਕੋਈ ਠੰਢਾ ਬੁੱਲਾ ਨਹੀਂ ਮਿਲਿਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਲੱਗੇ ਕਿਸਾਨ ਮੋਰਚੇ ’ਚ ਭੁੱਚੋ ਮੰਡੀ ’ਚ ਬੈਸਟ ਪਰਾਈਸ ਤੋਂ ਇਲਾਵਾ ਲਹਿਰਾ ਬੇਗਾ ਤੇ ਜੀਦਾ ਟੋਲ ਪਲਾਜਿਆਂ ਤੇ ਸੈਂਕੜੇ ਔਰਤਾਂ ਪੁੱਜਣ ਲੱਗੀਆਂ ਹਨ ਜਿੰਨਾਂ ’ਚ ਖੁਦਕਸ਼ੀ ਪੀੜਤ ਪ੍ਰੀਵਾਰਾਂ ਦੀਆਂ ਔਰਤਾਂ ਵੀ ਸ਼ਾਮਲ ਹਨ। ਪਿੰਡ ਲਹਿਰਾ ਬੇਗਾ ਦੀ ਤੇਜ ਕੌਰ ਦਾ ਅੱਜ ’ਚ ‘ਤੇਜ’ ਵੇਖਣ ਵਾਲਾ ਸੀ। ਤੇਜ ਕੌਰ ਦੇ ਪਤੀ ਮੋਠਾ ਸਿੰਘ ਨੇ ਕਰਜੇ ਦੀ ਪੰਡ ਦੇ ਬੋਝ ਕਾਰਨ ਖੁਦਕਸ਼ੀ ਕਰ ਲਈ।
ਅਜੇ ਪਤੀ ਦੇ ਸਿਵੇ ਦੀ ਅੱਗ ਠੰਢੀ ਵੀ ਨਹੀਂ ਹੋਈ ਸੀ ਕਿ ਪੁੱਤ ਬਾਪ ਦੇ ਵਿਯੋਗ ’ਚ ਪਾਗਲ ਹੋ ਗਿਆ। ਉਹ ਪਿਛਲੇ 15 ਵਰਿਆਂ ਤੋਂ ਹਰ ਮੋਰਚੇ ’ਚ ਭਾਗ ਲੈਂਦੀ ਆ ਰਹੀ ਹੈ। ਉਸ ਦਾ ਹੌਂਸਲਾ ਦੇਖੋ ਜਿਸ ਨੇ ਅੱਜ ਵੀ ਆਖਿਆ ਕਿ ਉਹ ਪੈਲੀਆਂ ਬਚਾਉਣ ਲਈ ‘ਆਖਰੀ ਸਾਹ ਤੱਕ ਲੜੇਗੀ। ਇਸੇ ਤਰਾਂ ਹੀ ਪਿੰਡ ਲਹਿਰਾ ਬੇਗਾ ਦੀ ਨਸੀਬ ਕੌਰ ਦੇ ਨਸੀਬ ਚੰਗੇ ਹੁੰਦੇ ਤਾਂ ਪੁੱਤ ਗੁਰਜੰਟ ਸਿੰਘ ਨੇ ਸਾਥ ਨਹੀਂ ਛੱਡਣਾ ਸੀ। ਇਸ ਕਿਸਾਨ ਨੇ ਲੜਕੀ ਦਾ ਵਿਆਹ ਕੀਤਾ ਸੀ । ਸਿਰ ਚੜੇ ਕਰਜੇ ਕਾਰਨ ਉਸ ਨੇ ਖੁਦਕਸ਼ੀ ਕਰ ਲਈ। ਨਸੀਬ ਕੌਰ ਦਾ ਘਰ ਡਿਗੂੰ ਡਿਗੂ ਕਰਦਾ ਹੈ। ਉਸ ਨੇ ਆਖਿਆ ਕਿ ਉਹ ਹੁਣ ਸੜਕਾਂ ਤੋਂ ਪੰਜਾਬ ਦੇ ਪੁੱਤਾਂ ਧੀਆਂ ਦਾ ਭਵਿੱਖ ਬਚਾਉਣ ਆਈ ਹੈ। ਇਸੇ ਪਿੰਡ ਦੀ ਖੁਦਕਸ਼ੀ ਪੀੜਤ ਗੁਰਤੇਜ ਕੌਰ ਨੇ ਕਿਹਾ ਕਿ ਸਰਕਾਰਾਂ ਨੇ ਉਸ ਨੂੰ ਕੋਈ ਢਾਰਸ ਨਹੀਂ ਦਿੱਤਾ ਹੈ। ਉਹ ਆਖਦੀ ਹੈ ਕਿ ਹੁਣ ਜੇਕਰ ਅਣਖ ਨਾਲ ਜੀਣਾ ਹੈ ਤਾਂ ਲੜਨਾ ਹੀ ਪੈਣਾ ਹੈ ਨਹੀਂ ਤਾਂ ਅੰਬਾਨੀ ਅਡਾਨੀ ਉਨਾਂ ਨੂੰ ਮਜਦੂਰ ਬਣਾ ਦੇਣਗੇ।
ਇਸ ਧਰਨੇ ’ਚ ਮਰਹੂਮ ਸੰਘਰਸ਼ੀ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਖੁਰਦ ਦੀ ਪਤਨੀ ਚਰਨਜੀਤ ਕੌਰ ਵੀ ਸ਼ਾਮਲ ਹੋਈ ਹੈ। ਮਨਜੀਤ ਸਿੰਘ ਨੇ ਇੱਕ ਆੜਤੀ ਵੱਲੋਂ ਪੈਸਿਆਂ ਦੇ ਲੈਣ ਦੇਣ ’ਚ ਕੀਤੀ ਚੱਕ ਥੱੱਲ ਤੋ ਤੰਗ ਆਕੇ ਜਹਿਰ ਪੀ ਲਿਆ ਸੀ ਜੋ ਉਸ ਲਈ ਜਾਨਲੇਵਾ ਸ਼ਾਮਲ ਹੋਇਆ ਸੀ। ਉਸਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਘਰਾਂ ’ਚ ਵਿਛੇ ਸੱਥਰ ਨਹੀਂ ਦਿਖੇ ਅਤੇ ਨਾਂ ਹੀ ਹੌਕਿਆਂ ਦਾ ਦਰਦ ਹੈ। ਉਹ ਹਰ ਮੋਰਚੇ ’ਚ ਜਾਂਦੀ ਹੈ ਅਤੇ ਹੁਣ ਖੇਤੀ ਦੀ ਜੂਹ ਨੂੰ ਸਿਆਸੀ ਹੱਲੇ ਤੋਂ ਬਚਾਉਣ ਲਈ ਘਰਾਂ ਦੀ ਦਹਿਲੀਜ਼ ਤੋਂ ਬਾਹਰ ਕੁੱਦੀ ਹੈ। ਲਹਿਰਾ ਖਾਨਾ ਦੀ ਬਲਜੀਤ ਕੌਰ ਨੇ ਵੀ ਸੰਘਰਸ਼ ਲਈ ਘਰ ਤਿਆਗ ਦਿੱਤਾ ਹੈ। ਬਲਜੀਤ ਕੌਰ ਦੇ ਸਹੁਰੇ ਜਸਵੰਤ ਸਿੰਘ ਨੇ ਪਟਵਾਰਖਾਨੇ ’ਚ ਉਦੋਂ ਖੁਦਕਸ਼ੀ ਕਰ ਲਈ ਜਦੋਂ ਉਸ ਦੀ ਐਕਵਾਇਰ ਹੋਈ ਜਮੀਨ ਦਾ ਮੁਆਵਜਾ ਪਟਵਾਰੀ ਕਥਿਤ ਤੌਰ ਤੇ ਹੜੱਪ ਗਿਆ। ਕਿਸਾਨ ਯੂਨੀਅਨ ਨੇ ਉਨਾਂ ਨੂੰ ਨਿਆਂ ਦਿਵਾਇਆ ਸੀ ਜਿਸ ਪਿੱਛੋਂ ਹੁਣ ਉਹ ਹਰ ਲੜਾਈ ਮੋਹਰੀ ਹੋਕੇ ਲੜਦੀ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਜਸਬੀਰ ਕੌਰ ਵੀ ਉਸ ਮੋਰਚੇ ਵਿੱਚ ਕੁੱਦ ਪਈ ਹੈ, ਜਿਸ ਦਾ ਹੁਣ ਮੁੱਢ ਬੱਝਿਆ ਹੈ। ਉਹ ਪਿਛਲੇ 25 ਸਾਲਾਂ ’ਚ ਕਿਸਾਨ ਸੰਘਰਸ਼ ਦੇ ਕਈ ਰੰਗ ਦੇਖ ਚੁੱਕੀ ਹੈ। ਉਸ ਦਾ ਭਣੋਈਆ ਕਿਸਾਨ ਯੂਨੀਅਨ ਦਾ ਮੋਹਰੀ ਆਗੂ ਸੀ ਜਿਸ ਨੂੰ ਕਈ ਵਰੇ ਪਹਿਲਾਂ ਪੁਲਿਸ ਨੇ ਚੁੱਕ ਲਿਆ। ਉਸ ਨੂੰ ਪੁਲਿਸ ਤੋਂ ਕਿਸਾਨ ਜੱਥੇਬੰਦੀ ਨੇ ਮੋਰਚਾ ਲਾਕੇ ਛੁਡਾਇਆ ਸੀ। ਉਹ ਅਖਦੀ ਹੈ ਕਿ ਜਦੋਂ ਪੁਲਿਸ ਨੂੰ ਵੇਖ ਕੇ ਤ੍ਰਾਹ ਨਿਕਲ ਜਾਂਦਾ ਸੀ ਤਾਂ ਉਦੋਂ ਨਹੀਂ ਡਰੀ ਤਾਂ ਹੁਣ ਧਨਾਢ ਘਰਾਣਿਆਂ ਤੋਂ ਕਾਹਦਾ ਡਰ ਜਿੰਨਾਂ ਖਾਤਰ ਮੋਦੀ ਵੱਲੋਂ ਬੱਚਿਆਂ ਦਾ ਭਵਿੱਖ ਖਤਰੇ ’ਚ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਬਠਿੰਡਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੀਆਂ ਵੱਡੀ ਗਿਣਤੀ ਔਰਤਾਂ ਸੜਕਾਂ ‘ਤੇ ਬੈਠੀਆਂ ਹਨ ਤਾਂ ਜੋ ਖੇਤਾਂ ਦੀ ਬਰਕਤ ਬਣੀ ਰਹੇ। ਔਰਤਾਂ ਨੇ ਮੋਦੀ ਤੇ ਕਾਰਪੋਰੋਟਾਂ ਖਿਲਾਫ ਨਾਅਰੇ ਲਾਏ ਅਤੇ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ।
ਰਾਣੀ ਝਾਂਸੀ ਬਣੇਗੀ ਔਰਤ
ਬੀਕੇਯੂ ਉਗਰਾਹਾਂ ਦੀ ਆਗੂ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਉਹ ਔਰਤਾਂ ਵੀ ਧਰਨਿਆਂ ’ਚ ਆਉਂਦੀਆਂ ਹਨ ਜਿੰਨਾਂ ਨੇ ਲੱਗਭਗ ਹਰ ਸੰਘਰਸ਼ ’ਚ ਸ਼ਮੂਲੀਅਤ ਕੀਤੀ ਹੈ। ਉਨਾਂ ਆਖਿਆ ਕਿ ਹੁਣ ਔਰਤਾਂ ਝਾਂਸੀ ਵਾਲੀ ਰਾਣੀ ਦੇ ਰੂਪ ’ਚ ਮੋਦੀ ਸਰਕਾਰ ਨਾਲ ਟੱਕਰਨਗੀਆਂ।
ਮੋਦੀ ਅਤੇ ਬਾਦਲਾਂ ਨੂੰ ਰਗੜੇ
ਅੱਜ ਔਰਤਾਂ ਨੇ ਤਾਂ ਮੋਦੀ ਸਰਕਾਰ ਤੇ ਹਰਸਿਮਰਤ ਬਾਦਲ ਨੂੰ ਨੰਨੀ ਛਾਂ ਦੇ ਨਾਮ ਤੇ ਨੂੰ ਚੰਗੇ ਰਗੜੇ ਲਾਏ ਅਤੇ ਅਸਤੀਫੇ ਨੂੰ ਦੱਸਿਆ। ਔਰਤਾਂ ਨੇ ਕਿਹਾ ਬੀਬੀ ਸੜਕ ਤੇ ਬੈਠੀਆਂ ਨੰਨੀਆਂ ਛਾਵਾਂ ਦੇ ਚਿਹਰੇ ਪੜੇ ਜਿੰਨਾਂ ਨੂੰ ਜਮੀਨਾਂ ਖੁੱਸਣ ਦੀ ਚਿੰਤਾ ਸਤਾ ਰਹੀ ਹੈ।