- ਪ੍ਰਧਾਨ ਮੰਤਰੀ ਨੇ ਖੇਤੀਬਾੜੀ ਬਿਲਾਂ ਦੇ ਪਾਸ ਹੋਣ 'ਤੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ
ਨਵੀਂ ਦਿੱਲੀ, 20 ਸਤੰਬਰ 2020 - ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਵਿੱਚ ਖੇਤੀਬਾੜੀ ਬਿਲਾਂ ਦੇ ਪਾਸ ਹੋਣ ‘ਤੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਇਸ ਨੂੰ ਭਾਰਤੀ ਖੇਤੀਬਾੜੀ ਇਤਿਹਾਸ ਵਿੱਚ ਇੱਕ ਵੱਡਾ ਦਿਨ ਦੱਸਿਆ ਹੈ।
ਟਵੀਟਾਂ ਦੀ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,"ਭਾਰਤ ਦੇ ਖੇਤੀਬਾੜੀ ਇਤਿਹਾਸ ਵਿੱਚ ਅੱਜ ਇੱਕ ਵੱਡਾ ਦਿਨ ਹੈ। ਸੰਸਦ ਵਿੱਚ ਅਹਿਮ ਬਿਲਾਂ ਦੇ ਪਾਸ ਹੋਣ 'ਤੇ ਸਾਡੇ ਮਿਹਨਤੀ ਕਿਸਾਨਾਂ ਨੂੰ ਵਧਾਈਆਂ। ਇਹ ਨਾ ਕੇਵਲ ਖੇਤੀਬਾੜੀ ਖੇਤਰ ਵਿੱਚ ਮੁਕੰਮਲ ਪਰਿਵਰਤਨ ਲਿਆਉਣਗੇ ਬਲਕਿ ਇਨ੍ਹਾਂ ਨਾਲ ਕਰੋੜਾਂ ਕਿਸਾਨ ਸਸ਼ਕਤ ਵੀ ਹੋਣਗੇ।
ਦਹਾਕਿਆਂ ਤੱਕ ਸਾਡੇ ਕਿਸਾਨ ਕਈ ਤਰ੍ਹਾਂ ਦੇ ਬੰਧਨਾਂ ਵਿੱਚ ਜਕੜੇ ਹੋਏ ਸਨ ਤੇ ਉਨ੍ਹਾਂ ਨੂੰ ਵਿਚੋਲਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੰਸਦ ਵਿੱਚ ਪਾਸ ਹੋਏ ਬਿਲਾਂ ਨਾਲ ਕਿਸਾਨਾਂ ਨੂੰ ਇਨ੍ਹਾਂ ਸਭ ਤੋਂ ਆਜ਼ਾਦੀ ਮਿਲੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਯਤਨਾਂ ਨੂੰ ਬਲ ਮਿਲੇਗਾ ਤੇ ਉਨ੍ਹਾਂ ਦੀ ਸਮ੍ਰਿੱਧੀ ਸੁਨਿਸ਼ਚਿਤ ਹੋਵੇਗੀ।
ਸਾਡੇ ਖੇਤੀਬਾੜੀ ਖੇਤਰ ਨੂੰ ਨਵੀਨਤਮ ਤਕਨੀਕ ਦੀ ਤਤਕਾਲ ਲੋੜ ਹੈ, ਕਿਉਂਕਿ ਇਸ ਨਾਲ ਮਿਹਨਤੀ ਕਿਸਾਨਾਂ ਨੂੰ ਮਦਦ ਮਿਲੇਗੀ। ਹੁਣ ਇਨ੍ਹਾਂ ਬਿਲਾਂ ਦੇ ਪਾਸ ਹੋਣ ਦੇ ਨਾਲ ਸਾਡੇ ਕਿਸਾਨਾਂ ਦੀ ਪਹੁੰਚ ਭਵਿੱਖ ਦੀ ਟੈਕਨੋਲੋਜੀ ਤੱਕ ਅਸਾਨ ਹੋਵੇਗੀ। ਇਸ ਨਾਲ ਨਾ ਕੇਵਲ ਉਪਜ ਵਧੇਗੀ, ਬਲਕਿ ਬਿਹਤਰ ਨਤੀਜੇ ਸਾਹਮਣੇ ਆਉਣਗੇ। ਇਹ ਇੱਕ ਸੁਆਗਤਯੋਗ ਕਦਮ ਹੈ।
ਮੈਂ ਪਹਿਲਾਂ ਵੀ ਕਿਹਾ ਸੀ ਤੇ ਇੱਕ ਵਾਰ ਫਿਰ ਕਹਿੰਦਾ ਹਾਂ:
ਐੱਮਐੱਸਪੀ ਦੀ ਵਿਵਸਥਾ ਜਾਰੀ ਰਹੇਗੀ।ਸਰਕਾਰੀ ਖ਼ਰੀਦ ਜਾਰੀ ਰਹੇਗੀ। ਅਸੀਂ ਇੱਥੇ ਕਿਸਾਨਾਂ ਦੀ ਸੇਵਾ ਲਈ ਹਾਂ। ਅਸੀਂ ਕਿਸਾਨਾਂ ਦੀ ਮਦਦ ਦੇ ਲਈ ਹਰ ਸੰਭਵ ਯਤਨ ਕਰਾਂਗੇ ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਜੀਵਨ ਸੁਨਿਸ਼ਚਿਤ ਕਰਾਂਗੇ।"