ਅਸ਼ੋਕ ਵਰਮਾ
ਬਠਿੰਡਾ, 29 ਅਕਤੂਬਰ 2020 - ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਵਿਰੋਧੀ ਕਨੂੰਨਾਂ ਅਤੇ ਬਿਜਲੀ ਸੋਧ ਕਾਨੂੰਨ 2020 ਦੇ ਵਿਰੁੱਧ ਬਠਿੰਡਾ ਜ਼ਿਲ੍ਹੇ ਵਿੱਚ ਚੱਲ ਰਹੇ ਅੱਜ 29ਵੇਂ ਦਿਨ ਦੇ ਮੋਰਚਿਆਂ ਦੌਰਾਨ ਮੋਦੀ ਸਰਕਾਰ ਵੱਲੋਂ ਜਾਰੀ ਪਰਾਲੀ ਆਰਡੀਨੈਂਸ ਨੂੰ ਲੈਕੇ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਰਿਹਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ, ਹਰਜਿੰਦਰ ਸਿੰਘ ਬੱਗੀ,ਕਿਸਾਨ ਆਗੂ ਰਾਜਵਿੰਦਰ ਸਿੰਘ ਰਾਜੂ , ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਕਰੋੜਾਂ ਰੁਪਏ ਜੁਰਮਾਨੇ ਅਤੇ 5 ਸਾਲ ਤੱਕ ਦੀ ਸਜਾ ਦੇਣ ਦੇ ਰਾਹ ਤੁਰ ਪਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਕੋਲ ਪਰਾਲੀ ਦੀ ਸੰਭਾਲ ਦਾ ਕੋਈ ਹੋਰ ਪ੍ਰਬੰਧ ਨਾ ਹੋਣ ਕਰਕੇ ਮਜਬੂਰੀ ਵੱਸ ਅੱਗ ਲਾਉਣੀ ਪੈਂਦੀ ਹੈ ।
ਕਿਸਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸੰਭਾਲ ਲਈ ਸੁਪਰੀਮ ਕੋਰਟ ਨੇ ਵੀ ਪਿਛਲੇ ਸਾਲ 2500 ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦੀ ਸਰਕਾਰ ਨੂੰ ਹਦਾਇਤ ਕੀਤੀ ਸੀ ਪਰ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕਿਸੇ ਵੀ ਕਿਸਾਨ ਨੂੰ ਇਸ ਕੰਮਦਾ ਕੋਈ ਮੁਆਵਜਾ ਨਹੀਂ ਦਿੱਤਾ। ਉਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਪਰਾਲੀ ਦੀ ਸੰਭਾਲ ਲਈ ਝੋਨੇ ਤੇ ਮੁਆਵਜਾ ਦਿੱਤਾ ਜਾਵੇ। ਭਾਜਪਾ ਆਗੂ ਵੱਲੋਂ ਦਿੱਤੇ ਬਿਆਨ ਕਿ ਕਿਸਾਨ ਤਾਂ ਖੇਤਾਂ ਅਤੇ ਮੰਡੀਆਂ ਵਿੱਚ ਹਨ ਕੋਈ ਵੀ ਕਿਸਾਨ ਧਰਨੇ ਤੇ ਨਹੀਂ ਬੈਠਾ ਦੀ ਸਖਤ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ ਖੇਤਾਂ ਅਤੇ ਮੰਡੀਆਂ ਨੂੰ ਬਚਾਉਣ ਦਾ ਕੰਮ ਹੀ ਕਰ ਰਹੇ ਹਨ । ਉਨਾਂ ਕਿਹਾ ਕਿ ਅਸਲ ਵਿੱਚ ਭਾਜਪਾ ਆਗੂਆਂ ਨੂੰ ਕਿਸਾਨਾਂ ਦੀਆਂ ਜਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਨਸਾ ਹੀ ਐਨਾਂ ਚੜਿਆ ਹੈ ਕਿ ਉਹਨਾਂ ਨੂੰ ਕਿਸਾਨ ਨਜਰ ਨਹੀਂ ਆਉਂਦੇ ਹਨ।
ਉੱਧਰ ਘੋਲ ਨੂੰ ਹੋਰ ਵਿਸ਼ਾਲ ਕਰਨ ਲਈ ਅੱਜ ਪੰਜਾਬ ਦੇ ਕਿਸਾਨਾਂ ਦਾ ਜੱਥਾ ਹਰਿਆਣਾ ਵਿੱਚ ਮਲਕਾਣਾ ਖੁਹੀਆਂ ਕੋਲ ਟੋਲ ਪਲਾਜੇ ਤੇ ਧਰਨਾ ਦੇ ਰਹੇ ਕਿਸਾਨਾਂ ਦੀ ਹਮਾਇਤ ਵਿੱਚ ਵੀ ਪੁੱਜਿਆ। ਮੋਰਚਿਆਂ ਨੂੰ ਕਿਸਾਨ ਆਗੂ ਨਿੱਕਾ ਸਿੰਘ ਜੇਠੂਕੇ, ਕੁਲਵੰਤ ਸ਼ਰਮਾ, ਦਰਸ਼ਨ ਸਿੰਘ ਮਾਈਸਰਖਾਨਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆਂ, ਕੁਲਵੰਤ ਰਾਏ ਸ਼ਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ , ਠੇਕਾ ਮੁਲਾਜਮ ਸੰਘਰਸ਼ ਕਮੇਟੀ ਲਹਿਰਾਂ ਥਰਮਲ ਦੇ ਆਗੂ ਜਗਰੂਪ ਸਿੰਘ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਰਾਮ ਸਿੰਘ ਨਿਰਮਾਣ ਨੇ ਵੀ ਸੰਬੋਧਨ ਕੀਤਾ।ਲੋਕ ਪੱਖੀ ਗਾਇਕ ਨਿਰਮਲ ਸਿੰਘ ਸਿਵੀਆ ਨੇ ਗੀਤ ਪੇਸ਼ ਕੀਤੇ ।ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵੱਲੋਂ ਮੁਫਤ ਡਾਕਟਰੀ ਕੈਂਪ ਜਾਰੀ ਰਿਹਾ।