ਰਾਜਵੰਤ ਸਿੰਘ
- ਕਿਸਾਨਾਂ ਅਨੁਸਾਰ ਇਸ ਤਰ੍ਹਾਂ ਹੋ ਰਿਹਾ ਕਿਸਾਨਾਂ ਦਾ ਦੋਹਰਾ ਨੁਕਸਾਨ
- ਕਿਸਾਨ ਬੋਲੇ ‘ਜੋਂ ਲੋਕ ਅਜੇ ਵੀ ਕਹਿ ਰਹੇ ਹਨ ਕਿ ਨਵੇਂ ਖੇਤੀ ਕਾਨੂੰਨਾਂ ਦਾ ਫਾਇਦਾ, ਉਹ ਇਸ ਤੋਂ ਸੇਧ ਲੈਣ’
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ 2020 - ਨੇੜਲੇ ਪਿੰਡ ਰੁਪਾਣਾ ਵਿਖੇ ਕਿਸਾਨਾਂ ਨੇ ਅੱਜ ਯੂਪੀ ਦੇ ਹਰਿਦੋਈ ਤੋਂ ਆਇਆ ਝੋਨੇ ਦਾ ਭਰਿਆ ਇੱਕ ਟਰਾਲਾ ਘੇਰ ਉਸ ਨੂੰ ਬੰਦ ਕਰ ਦਿੱਤਾ ਅਤੇ ਐੈਲਾਨ ਕੀਤਾ ਕਿ ਇਸ ਟਰਾਲੇ ਨੇੜੇ ਧਰਨਾ ਲਾਇਆ ਜਾਵੇਗਾ ਅਤੇ ਟਰਾਲਾ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਜੋਂ ਅੱਗੇ ਤੋਂ ਹੋਰ ਟਰਾਲੇ ਇਸ ਤਰ੍ਹਾਂ ਪੰਜਾਬ ਵਿਚ ਨਾ ਆਉਣ। ਕਿਸਾਨਾਂ ਕਿਹਾ ਕਿ ਕੁੱਝ ਪ੍ਰਾਈਵੇਟ ਵਪਾਰੀ ਜਾਣ ਬੁੱਝ ਕਿ ਅਜਿਹਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਦੋਹਰਾ ਨੁਕਸਾਨ ਹੋ ਰਿਹਾ ਹੈ, ਇੱਕ ਪਾਸੇ ਤਾਂ ਜਿੱਥੇ ਪਹਿਲਾਂ ਯੂਪੀ ਦੇ ਕਿਸਾਨ ਤੋਂ ਇਹ ਫਸਲ ਐਮਐਸਪੀ ਤੋਂ ਬਹੁਤ ਘੱਟ ਰੇਟ ’ਤੇ ਖਰੀਦ ਉਸਦਾ ਨੁਕਸਾਨ ਕੀਤਾ ਗਿਆ, ਹੁਣ ਇਹ ਪੰਜਾਬ ਸਰਕਾਰ ਦੀ ਮਾਰਕਿਟ ਫੀਸ ਚੋਰੀ ਕਰਕੇ ਝੋਨਾ ਸਿੱਧਾ ਸ਼ੈਲਰ ਵਿੱਚ ਜਾਵੇਗਾ ਅਤੇ ਫਿਰ ਕਾਗਜੀ ਹੇਰਾ ਫੇਰੀ ਵੀ ਹੋਵੇਗੀ।
ਫਿਰ ਇਹ ਝੋਨਾ ਪੰਜਾਬ ਦੇ ਕੋਟੇ ਵਿਚ ਪਵੇਗਾ, ਜਿਸ ਨਾਲ ਭਵਿੱਖ ਦੇ ਅੰਕੜਿਆਂ ਵਿੱਚ ਪ੍ਰਤੀ ਏਕੜ ਝਾੜ ਆਦਿ ’ਤੇ ਫਰਕ ਪਵੇਗਾ ਅਤੇ ਫਸਲ ਤੇ ਮਿਲਣ ਵਾਲੀਆਂ ਸਬਸਿਡੀਆਂ ’ਤੇ ਅਸਰ ਪਵੇਗਾ। ਕਿਸਾਨਾਂ ਕਿਹਾ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ। ਇਸ ਮਾਮਲੇ ਵਿਚ ਕਿਸਾਨਾਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਜਿੰਨ੍ਹਾਂ ਸਮਾਂ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਇਸੇ ਤਰ੍ਹਾਂ ਟਰਾਲੇ ਦੁਆਲੇ ਧਰਨਾ ਲੱਗਿਆ ਰਹੇਗਾ ਅਤੇ ਇਹ ਝੋਨੇ ਦਾ ਭਰਿਆ ਟਰਾਲਾ ਇੱਥੇ ਹੀ ਰਹੇਗਾ।
ਕੀ ਕਹਿਣਾ ਹੈ ਰਾਈਸ ਮਿੱਲਰ ਐਸੋਸ਼ੀਏਸ਼ਨ ਦੇ ਪ੍ਰਧਾਨ ਦਾ
ਇਸ ਮਾਮਲੇ ਸਬੰਧੀ ਜਦੋਂ ਰਾਈਸ ਮਿੱਲਰ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਮਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਯੂਪੀ ਤੋਂ ਆ ਰਹੇ ਜੋ ਟਰਾਲੇ ਕਿਸਾਨਾਂ ਨੇ ਕਾਬੂ ਕੀਤੇ ਹਨ, ਉਨ੍ਹਾਂ ਕੋਲ ਸ੍ਰੀ ਮੁਕਤਸਰ ਸਾਹਿਬ, ਬਰੀਵਾਲਾ ਦੇ ਰਾਈਸ ਮਿੱਲਰਾਂ ਦੇ ਨਾਮ ’ਤੇ ਬਿੱਲ ਹਨ, ਕਿ ਐਸੋਸ਼ੀਏਸ਼ਨ ਅਜਿਹੇ ਮਿੱਲਰਾਂ ਵਿਰੁੱਧ ਕੋਈ ਕਾਰਵਾਈ ਕਰੇਗੀ ਤਾਂ ਉਨ੍ਹਾਂ ਕਿਹਾ ਕਿ ਐਸੋਸ਼ੀਏਸ਼ਨ ਰਾਈਸ ਮਿੱਲਰਾਂ ਨੂੰ ਪਹਿਲਾਂ ਹੀ ਹਦਾਇਤ ਦੇ ਚੁੱਕੀ ਹੈ ਕਿ ਪੰਜਾਬ ਦੇ ਕਿਸਾਨ ਦੀ ਫ਼ਸਲ ਨੂੰ ਪਹਿਲ ਦਿੱਤੀ ਜਾਵੇ, ਪਰ ਇਸਦੇ ਬਾਵਜੂਦ ਵੀ ਜੇਕਰ ਕੋਈ ਰਾਈਸ ਮਿੱਲਰ ਅਜਿਹਾ ਕਰਦਾ ਹੈ ਤਾਂ ਐਸੋਸ਼ੀਏਸ਼ਨ ਉਸਦਾ ਸਾਥ ਨਹੀਂ ਦੇਵੇਗੀ।
ਕੀ ਕਹਿਣਾ ਹੈ ਮਾਰਕਿਟ ਕਮੇਟੀ ਦੇ ਸੈਕਟਰੀ ਦਾ
ਇਸ ਸਬੰਧੀ ਜਦੋਂ ਮਾਰਕਿਟ ਕਮੇਟੀ ਦੇ ਸੈਕਟਰੀ ਸਰਬਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਪੁੱਜੀ ਤੇ ਜਿਵੇਂ ਹੀ ਸਿਕਾਇਤ ਮਿਲਦੀ ਹੈ, ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।