ਰਾਜਵੰਤ ਸਿੰਘ
- ਮਾਰਕਿਟ ਕਮੇਟੀ ਦੇ ਸਕੱਤਰ ਦੇ ਬਿਆਨਾਂ ਤੋਂ ਬਾਅਦ ਟਰੱਕਾਂ ’ਤੇ ਮਾਮਲੇ ਦਰਜ
ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ 2020 - ਝੋਨੇ ਦੇ ਭਰੇ ਯੂਪੀ ਤੋਂ ਆਏ ਟਰੱਕਾਂ ਦੇ ਮਾਮਲੇ ਵਿੱਚ ਕਿਸਾਨਾਂ ਦੇ ਤਿੱਖੇ ਸੰਘਰਸ਼ ਨੂੰ ਦੇਖਦਿਆਂ ਹੁਣ ਵੱਡੇ ਪੱਧਰ ’ਤੇ ਪ੍ਰਸਾਸ਼ਨ ਵੱਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ। ਬੀਤੇ ਦਿਨੀਂ ਪਿੰਡ ਰੁਪਾਣਾ ਵਿਖੇ ਫੜ੍ਹੇ ਗਏ ਦੋ ਟਰੱਕ ਨੰਬਰ ਆਰਜੇ 19ਜੀਸੀ 5339 ਅਤੇ ਟਰੱਕ ਨੰਬਰ ਐਚਆਰ 39ਡੀ 2280 ਦੇ ਸਬੰਧੀ ਮਾਰਕਿਟ ਕਮੇਟੀ ਸਕੱਤਰ ਦੇ ਬਿਆਨਾਂ ’ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਦਿੱਤੇ ਬਿਆਨਾਂ ਵਿੱਚ ਮਾਰਕਿਟ ਕਮੇਟੀ ਵੱਲੋਂ ਦੱਸਿਆ ਗਿਆ ਹੈ ਕਿ ਕਿਸਾਨ ਯੂਨੀਅਨ ਵੱਲੋਂ 19 ਅਕਤੂਬਰ ਨੂੰ ਪਿੰਡ ਰੁਪਾਣਾ ਵਿਖੇ ਦੋ ਝੋਨੇ ਦੇ ਟਰੱਕ ਰੋਕੇ ਗਏ, ਜਿਸਨੂੰ ਜਦੋਂ ਮਾਰਕਿਟ ਕਮੇਟੀ ਦੇ ਸਟਾਫ਼ ਵੱਲੋਂ ਚੈਕ ਕੀਤਾ ਗਿਆ ਤਾਂ 1 ਵਿੱਚੋਂ 597 ਗੱਟੇ ਝੋਨਾ ਗੱਟਾ, ਜਿਸਦਾ ਵਜ਼ਨ 251.15 ਕੁਇੰਟਲ ਹੈ ਅਤੇ ਇਹ ਬਿਲਟੀ ਵਿੱਚ ਦਰਜ਼ ਮਿਲਿਆ ਹੈ, ਜਦੋਂਕਿ ਦੂਜੇ ਟਰੱਕ ਵਿੱਚ 814 ਗੱਟੇ ਝੋਨਾ, ਜਿਸਦਾ ਵਜ਼ਨ 343.70 ਕੁਇੰਟਲ ਹੈ ਮਿਲਿਆ ਹੈ, ਇਹ ਝੋਨਾ ਕਾਨਪੁਰ ਤੋਂ ਸ੍ਰੀ ਮੁਕਤਸਰ ਸਾਹਿਬ ਦੀ ਮਨੋਜ ਇੰਟਰਪ੍ਰਾਈਜ਼ਿਜ਼ ਵਿਖੇ ਭੇਜਿਆ ਗਿਆ।
ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਇਹ ਫਰਮ ਸ੍ਰੀ ਮੁਕਤਸਰ ਸਾਹਿਬ ਦੇ ਮਾਰਕਿਟ ਕਮੇਟੀ ਨੋਟੀਫਾਈ ਏਰੀਏ ਅੰਦਰ ਨਹੀਂ ਹੈ, ਇਸ ਕਰਕੇ ਟਰੱਕਾਂ ’ਤੇ ਬਣਦੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਾਇਆ ਗਿਆ। ਇੰਨ੍ਹਾਂ ਟਰੱਕਾਂ ਦੇ ਮਾਲਿਕਾਂ ’ਤੇ ਮਾਰਕਿਟ ਕਮੇਟੀ ਦੇ ਸਕੱਤਰ ਦੇ ਬਿਆਨਾਂ ’ਤੇ ਆਈਪੀਸੀ ਦੀ ਧਾਰਾ 420, 120ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।