ਅਸ਼ੋਕ ਵਰਮਾ
ਬਠਿੰਡਾ, 11 ਨਵੰਬਰ 2020 - ਯੂਰੀਆ ਖਾਦ ਦੇ ਸੰਕਟ ਨੇ ਕਿਸਾਨਾਂ ਨੂੰ ਦਮੋਂ ਕੱਢ ਦਿੱਤਾ ਹੈ। ਮਾਲ ਗੱਡੀਆਂ ਬੰਦ ਹੋਣ ਕਰਕੇ ਪੰਜਾਬ ਵਿਚ ਖਾਦ ਦਾ ਸੰਕਟ ਡੂੰਘਾ ਹੋ ਗਿਆ ਹੈ। ਤੋਟ ਕਾਰਨ ਕਿਸਾਨ ਇੱਧਰ-ਉੱਧਰ ਭੱਜ-ਨੱਠ ਕਰਨ ਲੱਗੇ ਹਨ ਪਰ ਕੋਈ ਰਾਹ ਨਹੀਂ ਦਿਖਾਈ ਦੇ ਰਿਹਾ ਹੈ। ਪੇਂਡੂ ਸਹਿਕਾਰੀ ਸਭਾਵਾਂ ਦੇ ਗੁਦਾਮ ਖਾਲੀ ਹਨ। ਕਈ ਸਭਾਵਾਂ ਨੂੰ ਤਾਂ ਦੇਖਣ ਲਈ ਵੀ ਖਾਦ ਦਾ ਗੱਟਾ ਨਹੀਂ ਮਿਲਿਆ ਹੈ। ਸਬਜ਼ੀ ਅਤੇ ਕਣਕ ਦੇ ਕਾਸ਼ਤਕਾਰਾਂ ਨੂੰ ਤਾਂ ਫੌਰੀ ਯੂਰੀਆ ਖਾਦ ਦੀ ਲੋੜ ਹੈ। ਮੋਦੀ ਸਰਕਾਰ ਨੇ ਰੇਲ ਆਵਾਜਾਈ ਬਹਾਲ ਕਰਨ ਲਈ ਅੜੀ ਫੜੀ ਹੋਈ ਹੈ ਜੋ ਕਿਸਾਨਾਂ ਤੇ ਭਾਰੀ ਪੈਣ ਲੱਗੀ ਹੈ। ਸੀਮਾਂ ਨਾਲ ਲੱਗਦੇ ਪਿੰਡਾਂ ਦੇ ਕੁੱਝ ਕਿਸਾਨਾਂ ਨੇ ਹਰਿਆਣੇ ਚੋਂ ਖਾਦ ਖਰੀਦੀ ਹੈ ਫਿਰ ਵੀ ਮੰਗ ਦੇ ਸਾਹਵੇਂ ਸੰਕਟ ਵੱਡਾ ਹੈ। ਹੁਣ ਤਾਂ ਹਰਿਆਣਾ ਸਰਕਾਰ ਨੇ ਵੀ ਚੌਕਸੀ ਵਧਾ ਦਿੱਤੀ ਹੈ।
ਪਤਾ ਲੱਗਿਆ ਹੈ ਕਿ ਬਜ਼ਾਰ 'ਚੋਂ ਵੀ ਪੂਰੀ ਮਾਤਰਾ ’ਚ ਖਾਦ ਨਹੀਂ ਮਿਲ ਰਹੀ ਹੈ। ਜੋ ਉਪਲਬਧ ਹੈ ਉਸਦਾ ਭਾਅ ਸਹਿਕਾਰੀ ਸਭਾਵਾਂ ਨਾਲੋਂ ਜ਼ਿਆਦਾ ਹੈ। ਮਰਦੇ ਕਿਸਾਨਾਂ ਨੂੰ ਅੱਕ ਚੱਬਣਾ ਪੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਮੁੱਢਲੇ ਪੜਾਅ ਤੇ ਫਸਲ ਨੂੰ ਖਾਦ ਨਹੀਂ ਮਿਲਦੀ ਤਾਂ ਇਸ ਦਾ ਅਸਰ ਪੌਦਿਆਂ ਦੇ ਵਧਣ ਫੁੱਲਣ ਤੇ ਅਸਰ ਪੈਂਦਾ ਹੈ। ਬਠਿੰਡਾ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਨੂੰ ਇਫਕੋ ਵਲੋਂ 35 ਫ਼ੀਸਦੀ ਤੇ ਮਾਰਕਫੈਡ ਵੱਲੋਂ 65 ਫ਼ੀਸਦੀ ਖਾਦ ਸਪਲਾਈ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਸਭਾਵਾਂ ਨੂੰ ਯੂਰੀਏ ਦੀ ਜੋ ਸਪਲਾਈ ਕੀਤੀ ਗਈ ਸੀ ਉਹ ਕਾਫ਼ੀ ਘੱਟ ਮਾਤਰਾ ਸੀ । ਇਹ ਸਟਾਕ ਵੀ ਖ਼ਤਮ ਹੋ ਚੁੱਕੇ ਹਨ ਜਦੋਂ ਕਿ ਨਵਾਂ ਸਟਾਕ ਆ ਨਹੀਂ ਰਿਹਾ ਹੈ।ਕਿਸਾਨ ਜਰਨੈਲ ਸਿੰਘ ਨੂੰ 40 ਗੱਟੇ ਯੂਰੀਆ ਦੀ ਲੋੜ ਹੈ ਪਰ ਉਸ ਨੂੰ ਇੱਕ ਵੀ ਗੱਟਾ ਹਾਲੇ ਤੱਕ ਨਹੀਂ ਮਿਲਿਆ ਹੈ।
ਇਸੇ ਤਰ੍ਹਾਂ ਕਿਸਾਨ ਮਲਕੀਤ ਸਿੰਘ ਨੂੰ 50 ਗੱਟਿਆਂ ਦੀ ਲੋੜ ਹੈ ਪਰ ਉਸਦੇ ਹੱਥ ਖਾਲੀ ਹਨ। ਕਿਸਾਨ ਹਰਬੰਸ ਸਿੰਘ ਅਤੇ ਭੋਲਾ ਸਿੰਘ ਦਾ ਕਹਿਣਾ ਸੀ ਕਿ ਉਹ ਯੂਰੀਆ ਖਾਤਰ ਸਹਿਕਾਰੀ ਸਭਾ ਦੀ ਦੇਹਲੀ ਨੀਵੀਂ ਕਰ ਚੁੱਕੇ ਹਰ । ਕਿਸਾਨ ਮਨਜੀਤ ਸਿੰਘ ਨੇ ਆਖਿਆ ਕਿ ਸੰਕਟ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਸਨ। ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਡਵੀਜਨ ਫਿਰੋਸਜਪੁਰ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਦਾ ਕਹਿਣਾ ਸੀ ਕਿ ਯੂਰੀਏ ਦੀ ਸਪਲਾਈ ਨਾਂ ਆਈ ਤਾਂ ਕਿਸਾਨਾਂ ਦੀ ਫਸਲ ਪ੍ਰਭਾਵਤ ਹੋਵੇਗੀ ਜਦੋਂਕਿ ਸਬਜੀਆਂ ਤੇ ਤਾਂ ਬੁਰਾ ਅਸਰ ਪੈ ਹੀ ਰਿਹਾ ਹੈ। ਉਹਨਾਂ ਆਖਿਆ ਕਿ ਮੁਸੀਬਤ ’ਚ ਫਸੇ ਕਿਸਾਨ ਸਹਿਕਾਰੀ ਮੁਲਾਜਮਾਂ ਕੋਲ ਆਉਂਦੇ ਹਨ ਪਰ ਖਾਦ ਨਾਂ ਆਉਣ ਕਰਕੇ ਨਿਰਾਸ਼ ਮੁੜਨਾ ਪੈਂਦਾ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸੰਕਟ ਦੂਰ ਕਰਨ ਲਈ ਹੰਗਾਮੀ ਕਦਮ ਚੁੱਕੇ।
ਜਾਣਕਾਰੀ ਮੁਤਾਬਕ ਪਿੰਡ ਜੈ ਸਿੰਘ ਵਾਲਾ ਦੀ ਸਹਿਕਾਰੀ ਸਭਾ ਵੱਲੋਂ ਕਿਸਾਨਾਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਸਾਢੇ ਪੰਜ ਹਜਾਰ ਗੱਟਿਆਂ ਦੀ ਮੰਗ ਕੀਤੀ ਗਈ ਹੈ ਪਰ ਮਿਲਿਆ ਕੁੱਝ ਨਹੀਂ । ਦਿਉਣ ਸਹਿਕਾਰੀ ਸਭਾ ਨੇ 5 ਹਜਾਰ ਗੱਟੇ ਮੰਗੇ ਸਨ ਜੋਕਿ ਮਿਲੇ ਨਹੀਂ ਹਨ। ਪਿੰਡ ਜੀਦਾ ਦੀ ਸਹਿਕਾਰੀ ਸਭਾ ਨੂੰ ਵੀ 700 ਗੱਟਾ ਮਿਲਿਆ ਹੈ ਜਦੋਂ ਕਿ ਉਨਾਂ ਦੀ ਮੰਗ 7 ਹਜ਼ਾਰ ਗੱਟੇ ਦੀ ਸੀ । ਤਲਵੰਡੀ ਸਾਬੋ ਸਹਿਕਾਰੀ ਸਭਾ ਨੇ 9 ਹਜਾਰ ਗੱਟੇ ਮੰਗੇ ਸਨ ,ਮਿਲੇ ਕੇਵਲ 1900 ਗੱਟੇ ਹੀ ਹਨ। ਗਹਿਰੀ ਦੇਵੀ ਨਗਰ,ਮਹਿਤਾ ਅਤੇ ਜੱਸੀ ਪੌਂ ਵਾਲੀ ਆਦਿ ਸਹਿਕਾਰੀ ਸਭਾਵਾਂ ਯੂਰੀਆ ਨੂੰ ਤਰਸੀਆਂ ਪਈਆਂ ਹਨ। ਦੱਸਿਆ ਜਾਂਦਾ ਹੈ ਕਿ ਪੰਜਾਬ ਭਰ ’ਚ ਯੂਰੀਆ ਖਾਦ ਦੀ ਸਪਲਾਈ ਦਾ ਬੁਰਾ ਹਾਲ ਹੈ। ਮਾਰਕਫੈਡ ਨੇ ਡੀਏਪੀ ਦੀ ਸਪਲਾਈ ਵਾਇਆ ਹਰਿਆਣਾ ਕਰ ਦਿੱਤੀ ਹੈ ਪਰ ਯੂਰੀਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ।
ਮਾਲ ਗੱਡੀਆਂ ਕਾਰਨ ਸੰਕਟ ਬਣਿਆ
ਮਾਰਕਫੈਡ ਦੇ ਅਧਿਕਾਰੀ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਸੰਕਟ ਰੇਲ ਆਵਾਜਾਈ ’ਚ ਪਈ ਰੁਕਾਵਟ ਕਾਰਨ ਪੈਦਾ ਹੋਇਆ ਹੈ। ਉਹਨਾਂ ਦੱਸਿਆ ਕਿ ਪੰਜਾਬ ’ਚ ਦੋ ਕੌਮੀ ਖਾਦ ਕਾਰਖਨੇ ਹਨ ਜਿਹਨਾਂ ਨੂੰ ਮੰਗ ਭੇਜੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਉਤਪਾਦਨ ਅਤੇ ਮੰਗ ਵਿਚਲੇ ਪਾੜੇ ਕਾਰਨ ਦਿੱਕਤਾਂ ਵਧੀਆਂ ਹਨ। ਉਹਨਾਂ ਦੱਸਿਆ ਕਿ ਹੁਣ ਤਾਂ 13 ਨਵੰਬਰ ਨੂੰ ਕਿਸਾਨ ਧਿਰਾਂ ਅਤੇ ਕੇਂਦਰ ਵਿਚਕਾਰ ਗੱਲਬਾਤ ਤੇ ਨਜ਼ਰਾਂ ਟਿਕੀਆਂ ਹਨ। ਉਹਨਾਂ ਦੱਸਿਆ ਕਿ ਜੇ ਮੀਟਿੰਗ ਸਫਲ ਹੋ ਜਾਂਦੀ ਹੈ ਤਾਂ ਫੌਰਨ ਸਪਲਾਈ ਸ਼ੁਰੂ ਹੋ ਜਾਏਗੀ। ਉਹਨਾਂ ਦੱਸਿਆ ਕਿ ਡੀਏਪੀ ਖਾਦ ਦੇ ਰੈਕ ਡੱਬਵਾਲੀ ਆਏ ਸਨ ਅਤੇ ਇਹ ਖਾਤ ਸਹਿਕਾਰੀ ਸਭਾਵਾਂ ਨੂੰ ਭੇਜ ਦਿੱਤੀ ਗਈ ਹੈ।
ਪੰਜਾਬ ਸਰਕਾਰ ਬਦਲ ਲੱਭੇ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਖਾਦ ਦੀ ਤੋਟ ਦੇ ਮੱਦੇਨਜਰ ਹੱਠ ਤਿਆਗ ਕੇ ਮਾਲ ਗੱਡੀਆਂ ਚਲਾ ਦੇਣੀ ਚਾਹੀਦੀਆਂ ਹਨ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਤੱਕ ਖੁਦ ਪੁੱਜਦੀ ਕਰਨ ਲਈ ਬਦਲ ਤਲਾਸ਼ ਕਰਨੇ ਚਾਹੀਦੇ ਹਨ। ਉਹਨਾਂ ਆਖਿਆ ਕਿ ਖੇਤੀ ਖੇਤਰ ਨੂੰ ਨਜ਼ਰਅੰਦਾਜ਼ ਕਰਨ ਨਾਲ ਮੁਲਕ ’ਚ ਅੰਨ ਸੰਕਟ ਬਣ ਸਕਦਾ ਹੈ ਜੋਕਿ ਚਿੰਤਾ ਵਾਲੀ ਗੱਲ ਹੈ।