ਅਸ਼ੋਕ ਵਰਮਾ
ਬਠਿੰਡਾ, 22 ਅਕਤੂਬਰ 2020 - ਦੁਸ਼ਹਿਰੇ ਮੌਕੇ ਮੋਦੀ ਸਮੇਤ ਤਿੱਕੜੀ ਦੇ ਪੁਤਲੇ ਫੂਕਣ ਵਾਲਿਆਂ ’ਚ ਹੁਣ ਰਾਜਸਥਾਨ ਦੇ ਕਿਸਾਨ ਵੀ ਸ਼ਾਮਲ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਆਗੂ ਗੁਰਪਾਸ਼ ਸਿੰਘ ਨੇ ਦੱਸਿਆ ਕਿ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਇਸ ਪ੍ਰਦਰਸ਼ਨ ‘ਚ ਸ਼ਾਮਲ ਕਰਨ ਲਈ ਜੱਥੇਬੰਦੀ ਵੱਲੋਂ ਸ਼ੁਰੂ ਕੀਤੀ ਲਾਮਬੰਦੀ ਮੁਹਿੰਮ ਦਾ ਘੇਰਾ ਆਏ ਦਿਨ ਵਧਦਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਰਾਜਸਥਾਨ ਦੇ ਪਿੰਡ ਨਕੇਰਾ, ਜੰਡਵਾਲਾ, ਮੋਰਜੰਡ, ਭਗਤਪੁਰਾ, ਸੰਤਪੁਰਾ,ਚੱਕ ਹਰੀਸਿੰਘ ਵਾਲਾ,ਨਾਥੂਆਣਾ,ਬੋਲਾਵਾਲੀ, ਢੋਲ ਨਗਰ, ਅਤੇ ਹਰਿਆਣਾ ਦੇ ਪਿੰਡ ਜੋਤਾਂ ਵਾਲੀ,ਲੋਹਗੜ, ਸਾਵੰਤ ਖੇੜਾ, ਨੀਲਿਆਂ ਵਾਲੀ,ਹੈਬੂਆਣਾ, ਪੰਨੀਵਾਲਾ,ਫੁੱਲੋ ਆਦਿ ਪਿੰਡਾਂ ਚ ਕੀਤੀਆਂ ਮੀਟਿੰਗਾਂ ਤੇ ਰੈਲੀਆਂ ਚ ਵੱਡੀ ਗਿਣਤੀ ਕਿਸਾਨਾਂ ਨੇ ਹਿੱਸਾ ਲਿਆ ਅਤੇ ਦੁਸ਼ਹਿਰੇ ਮੌਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦੇ ਮਤੇ ਪਾਸ ਕੀਤੇ ਹਨ।
ਉੱਧਰ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਮੰਡੀ ਕਿੱਲਿਆਂਵਾਲੀ ਵਿਖੇ ਦੁਸਹਿਰੇ ਮੌਕੇ ਨਰਿੰਦਰ ਮੋਦੀ, ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆਂ ਦੀ ਤਿੱਕੜੀ ਦੇ ਪੁਤਲੇ ਫੂਕਣ ਦੇ ਉਲੀਕੇ ਪ੍ਰੋਗਰਾਮ ਨੂੰ ਮੰਡੀ ਡੱਬਵਾਲੀ ਤੇ ਕਿੱਲਿਆਂਵਾਲੀ ਦੀਆਂ ਸ਼ਹਿਰੀ ਜਥੇਬੰਦੀਆਂ ਵੱਲੋਂ ਅੱਜ ਭਰਵਾਂ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਮੰਡੀ ਡੱਬਵਾਲੀ ਵਿਖੇ ਪੱਲੇਦਾਰ ਯੂਨੀਅਨ ਤੇ ਮਿਸਤਰੀ ਮਜਦੂਰ ਯੂਨੀਅਨ ਦੇ ਆਗੂ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਨੇ ਇਸ ਲੋਕ ਦੋਖੀ ਤਿੱਕੜੀ ਦੇ ਪੁਤਲੇ ਫੂਕਣ ਦੇ ਪ੍ਰੋਗਰਾਮ ’ਚ ਸ਼ਾਮਲ ਹੋੋਣ ਦੀ ਪ੍ਰੋੜਤਾ ਕੀਤੀ ਹੈ। ਇਸੇ ਤਰ੍ਹਾਂ ਆੜਤੀਆਂ ਐਸੋਸੀਏਸ਼ਨ ਦੇ ਆਗੂ ਗੁਰਦੀਪ ਕਾਮਰਾ, ਈ-ਰਿਕਸ਼ਾ ਯੂਨੀਅਨ ਮੰਡੀ ਡੱਬਵਾਲੀ ਦੇ ਆਗੂ ਸੁਖਮੰਦਰ ਸਿੰਘ, ਆਂਗਣਵਾੜੀ ਵਰਕਰ ਯੂਨੀਅਨ ਬਲਾਕ ਡੱਬਵਾਲੀ ਦੀ ਆਗੂ ਵੀਰੋਬਾਈ ਨੇ ਵੀ ਵੱਡੀ ਗਿਣਤੀ ਵਰਕਰਾਂ ਸਮੇਤ ਸ਼ਾਮਲ ਹੋਣ ਦਾ ਭਰੋਸਾ ਦਿੱਤਾ।
ਇਹਨਾਂ ਮੀਟਿੰਗਾਂ ਨੂੰ ਕਿਸਾਨ ਆਗੂ ਗੁਰਪਾਸ਼ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਲਛਮਣ ਸਿੰਘ ਸੇਵੇਵਾਲਾ, ਬਿਜਲੀ ਮੁਲਾਜ਼ਮਾਂ ਦੇ ਆਗੂ ਸੁਖਦਰਸ਼ਨ ਸਿੰਘ, ਭਵਨ ਨਿਰਮਾਣ ਯੂਨੀਅਨ ਦੇ ਆਗੂ ਵਿਸ਼ਾਲ, ਆਗੂ ਜਗਦੀਪ ਸਿੰਘ ਖੁੱਡੀਆਂ, ਜਗਸੀਰ ਸਿੰਘ ਗੱਗੜ, ਕੁਲਵੰਤ ਰਾਏ ਤੇ ਦਲਜੀਤ ਸਿੰਘ ਮਿਠੜੀ ਤੋਂ ਇਲਾਵਾ ਕੁਲਵਿੰਦਰ ਸਿੰਘ ਹਰੀਪੁਰਾ ਨੇ ਸੰਬੋਧਨ ਕੀਤਾ।