ਕੁਲਵੰਤ ਸਿੰਘ ਬੱਬੂ
ਰਾਜਪੁਰਾ, 1 ਨਵੰਬਰ 2020 - ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਆਉਣ ਵਾਲੀਆਂ ਰੇਲ ਗੱਡੀਆਂ ਬੰਦ ਕਰਨ ਦੇ ਨਾਲ ਵਪਾਰ ਅਤੇ ਕਾਰੋਬਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਤਿਉਹਾਰਾਂ ਦੇ ਮੌਸਮ ਵਿੱਚ ਜਦੋਂ ਵਪਾਰੀਆਂ ਨੇ ਦੇਸ਼ ਭਰ ਦੇ ਵੱਖ ਵੱਖ ਰਾਜਾਂ ਤੋਂ ਸਮਾਨ ਦੀ ਖਰੀਦਦਾਰੀ ਕਰਨੀ ਹੈ ਅਤੇ ਬਹੁਤ ਸਾਰੇ ਵਪਾਰੀਆਂ ਨੇ ਆਪਣੇ ਸੋਦੇ ਪਹਿਲਾ ਤੋਂ ਹੀ ਤਹਿ ਕੀਤੇ ਹੋਏ ਹਨ ਉਹਨਾਂ ਦਾ ਸਮਾਨ ਰੇਲ ਗੱਡੀਆਂ ਬੰਦ ਹੋਣ ਕਾਰਨ ਸਮੇਂ ਸਿਰ ਨਹੀਂ ਪਹੁੰਚ ਰਿਹਾ ਹੈ। ਬਹੁਤ ਸਾਰਾ ਅਜਿਹਾ ਸਮਾਨ ਵੀ ਹੈ ਜੋ ਕੇਵਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਰਤੋਂ ਵਿੱਚ ਆਉਂਦਾ ਹੈ ਜਿਸ ਦੀ ਮਿਆਦ ਵੀ ਇਕ ਨਿਸ਼ਚਿਤ ਸਮੇਂ ਸੀਮਾ ਤੱਕ ਹੈ।
ਬਦਲਦੀ ਰੁੱਤ ਕਾਰਨ ਬਹੁਤ ਸਾਰਾ ਸਮਾਨ ਮੌਜੂਦਾ ਦੋਰ ਵਿੱਚ ਲੋੜੀਂਦਾ ਹੈ। ਇਸ ਸਮੇਂ ਜਦੋਂ ਪਿਛਲੇ ਲਗਭਗ ਅੱਠ ਮਹੀਨੇ ਦੇ ਕੋਰੋਨਾ ਕਾਲ ਦੌਰਾਨ ਵਪਾਰ ਅਤੇ ਕਾਰੋਬਾਰ ਮੰਦੀ ਦੀ ਵੱਡੀ ਮਾਰ ਵਿੱਚੋਂ ਲੰਘ ਰਿਹਾ ਹੈ ਅਤੇ ਵੱਡੇ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਅਤੇ ਉਦਯੋਗਪਤੀਆਂ ਦੀ ਆਰਥਿਕਤਾ ਬੁਰੀ ਤਰ੍ਹਾਂ ਵਿਗੜ ਗਈ ਹੈ। ਅਜਿਹੇ ਦੌਰ ਵਿੱਚ ਰੇਲ ਗੱਡੀਆਂ ਨੂੰ ਕੇਂਦਰ ਨੇ ਬੰਦ ਕਰਕੇ ਸੂਬੇ ਦੀ ਆਰਥਿਕਤਾ ਨੂੰ ਢਾਅ ਲਾਉਣ ਦਾ ਜੋ ਫੈਸਲਾ ਕੀਤਾ ਹੈ। ਉਸ ਨਾਲ ਵਪਾਰ ਵਰਗ ਵਿੱਚ ਭਾਰੀ ਰੋਸ ਹੈ ਭਾਵੇਂ ਸੂਬੇ ਦਾ ਕਿਸਾਨ ਖੇਤਾਂ ਨੂੰ ਛੱਡ ਕੇ ਅਨਾਜ ਮੰਡੀਆਂ ਵਿੱਚ ਜਾਣ ਦੀ ਥਾਂ ਸੜਕ ਤੇ ਰੁੱਲ ਰਿਹਾ ਹੈ।
ਉਸਦੀ ਫਸਲ ਦੀ ਢੋਆ-ਢੋਆਈ ਲਈ ਬਾਰਦਾਨਾ ਵੀ ਹੋਰ ਸੂਬਿਆਂ ਤੋਂ ਆਉਣਾ ਬੰਦ ਹੋ ਗਿਆ ਹੈ ਜਿਸਦਾ ਆਉਣ ਵਾਲੇ ਦਿਨਾਂ ਵਿੱਚ ਵੱਡਾ ਅਸਰ ਅਨਾਜ ਮੰਡੀਆਂ ਵਿੱਚ ਵੇਖਣ ਨੂੰ ਮਿਲੇਗਾ। ਇਸੇ ਤਰ੍ਹਾਂ ਇੰਡਰਸਟ੍ਰੀਜ ਅਤੇ ਛੋਟੇ ਵਪਾਰੀਆਂ ਦਾ ਬਣਿਆ ਹੋਇਆ ਤਿਆਰ ਮਾਲ ਰੇਲ ਗੱਡੀਆਂ ਬੰਦ ਹੋਣ ਕਾਰਨ ਦੂਜੇ ਰਾਜਾਂ ਨੂੰ ਨਹੀਂ ਜਾ ਰਿਹਾ ਅਤੇ ਕੱਚਾ ਮਾਲ ਵੀ ਦੂਜੇ ਰਾਜਾਂ ਤੋਂ ਰੇਲ ਗੱਡੀਆਂ ਬੰਦ ਹੋਣ ਕਾਰਨ ਨਹੀਂ ਆ ਰਿਹਾ। ਇਹ ਬਹੁਤ ਵੱਡੀ ਸਮੱਸਿਆ ਵਪਾਰੀਆਂ ਲਈ ਬਣ ਗਈ ਹੈ।
ਇਸ ਤੋਂ ਇਲਾਵਾ ਯੂਰੀਆ ਅਤੇ ਡੀ. ਏ. ਪੀ. ਖਾਦ ਜਿਸ ਦੀ ਕਣਕ ਦੀ ਬਿਜਾਈ ਦੌਰਾਨ ਜਰੂਰਤ ਹੈ ਉਸਦੀ ਕਮੀ ਨਾਲ ਕਣਕ ਦੀ ਬਿਜਾਈ ਵੀ ਪੱਛੜ ਸਕਦੀ ਹੈ ਇਸ ਲਈ ਇਹ ਜਰੂਰੀ ਹੈ ਕਿ ਕੇਂਦਰ ਜਲਦੀ ਰੇਲ ਗੱਡੀਆਂ ਬਾਰੇ ਆਪਣਾ ਵਤੀਰਾ ਸੂਬੇ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਵੇ ਇਸ ਤੋਂ ਇਲਾਵਾ ਹੋਰ ਰਾਜਾਂ ਨੂੰ ਜਾਣ ਆਉਣ ਵਾਲੇ ਯਾਤਰੀ ਵੀ ਵੱਡੀ ਪੱਧਰ ਤੇ ਪਰੇਸ਼ਾਨ ਹੋ ਰਹੇ ਹਨ। ਇਹਨਾਂ ਵਿੱਚ ਵੱਡੀ ਗਿਣਤੀ ਪ੍ਰਵਾਸੀ ਮਜਦੂਰਾਂ ਦੀ ਹੈ ਜੋ ਰੇਲ ਗੱਡੀਆਂ ਰਾਹੀਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਦੇ ਹਨ ਇਸ ਨਾਲ ਵਪਾਰੀ ਵਰਗ, ਕਾਰਖਾਨੇਦਾਰ, ਉਦਯੋਗਪਤੀ, ਕਿਸਾਨ, ਆੜਤੀ, ਮਜਦੂਰ ਪ੍ਰਭਾਵਿੱਤ ਹੋ ਰਹੇ ਹਨ। ਉਥੇ ਹਰ ਵਰਗ ਦੀ ਆਰਥਿਕਤਾ ਨੂੰ ਵੱਡੀ ਸੱਟ ਲੱਗ ਰਹੀ ਹੈ। ਕੇਂਦਰ ਆਪਣਾ ਵਤੀਰਾ ਜਲਦੀ ਬਦਲ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਉਪਰਾਲੇ ਕਰੇ ਇਸ ਨਾਲ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵੀ ਪ੍ਰਭਾਵਿਤ ਹੋ ਰਹੇ ਹਨ। ਉਸਦਾ ਅਸਰ ਹੁਣ ਸਾਫ ਵਿਖਾਈ ਦੇਣ ਲੱਗ ਪਿਆ ਹੈ।