ਅਸ਼ੋਕ ਵਰਮਾ
ਚੰਡੀਗੜ੍ਹ, 25 ਅਕਤੂਬਰ 2020 - ਪੰਜਾਬ ਦੀਆਂ 30 ਸੰਘਰਸ਼ਸ਼ੀਲ ਜਥੇਬੰਦੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ’ਚ ਰੇਲ ਗੱਡੀਆਂ ਬੰਦ ਕਰਨ ਦੇ ਫੈਸਲੇ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕਰਦਿਆਂ 26-27 ਅਕਤੂਬਰ ਨੂੰ ਦਿੱਲੀ ’ਚ ਹੋਣ ਵਾਲੀ ਮੀਟਿੰਗ ਦੌਰਾਨ ਅਗਲਾ ਫੈਸਲਾ ਲੈਣ ਦਾ ਐਲਾਨ ਕਰ ਦਿੱਤਾ ਹੈ। ਅੱਜ ਕਿਸਾਨ ਆਗੂਆਂ ਨੇ ਕਿਸਾਨ-ਆਗੂ ਡਾ. ਦਰਸ਼ਨਪਾਲ ਦੀ ਅਗਵਾਈ ‘ਚ ਮੀਟਿੰਗ ਕਰਕੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਰਚਾ ਕੀਤੀ। ਕਿਸਾਨ-ਆਗੂਆਂ ਨੇ ਕਿਹਾ ਕਿ ਹੁਣ ਜਦੋਂ ਰੇਲਵੇ-ਟਰੈਕ ਖਾਲੀ ਕਰ ਦਿੱਤੇ ਗਏ ਹਨ ਤਾਂ ਕੇਂਦਰ ਸਰਕਾਰ ਮਾਲ-ਗੱਡੀਆਂ ਚਲਾਉਣ ਯਾਤਰੀ ਗੱਡੀਆਂ ਲਈ ਲਾਂਘੇ ਦੇਣ ਦੀ ਸ਼ਰਤ ਥੋਪਣ ਲੱਗੀ ਹੈ ਜੋ ਕਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਅਸਲ ‘ਚ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਬਹਾਨੇ ਲੱਭ ਰਹੀ ਹੈ ਪਰ ਜਥੇਬੰਦੀਆਂ ਵੱਲੋਂ ਦਬਾਅ ਨਹੀਂ ਸਹਿਣ ਕੀਤਾ ਜਾਏਗਾ।
ਕਿਸਾਨ-ਆਗੂਆਂ ਨੇ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ ਇਸ ਕਰਕੇ ਉਹ ਆਪਣੀ ਹੋਂਦ ਬਚਾਉਣ ਲਈ ਪੰਜਾਬ ‘ਚ ਦਲਿਤ ਪੱਤਾ ਖੇਡ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਸੰਵਿਧਾਨ ਨਾਲ ਖਿਲਵਾੜ ਕਰਦਿਆਂ ਖੇਤੀ ਵਿਰੋਧੀ ਕਾਨੂੰਨ ਬਣਾਏ ਹਨ ਜਦੋਂਕਿ ਇਹ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਸੀ। ਕਿਸਾਨ ਜਥੇਬੰਦੀਆਂ ਦੇ ਆਗੂ ਜਗਮੋਹਨ ਸਿੰਘ ਪਟਿਆਲਾ, ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ ਸੰਧੂ , ਜਤਿੰਦਰ ਸਿੰਘ ਛੀਨਾ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹੁਣ ਜਦ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ ਭਾਜਪਾ ਆਗੂਆਂ ਦੇ ਥਾਂ-ਥਾਂ ਘਿਰਾਓ ਹੋ ਰਹੇ ਹਨ ਤਾਂ ਗਿਣੀ ਮਿਥੀ ਸਾਜਿਸ਼ ਤਹਿਤ ਵਜੀਫਾ ਘਪਲੇ ਦੇ ਨਾਮ ਹੇਠ ਜਨਤਕ ਸਰਗਰਮੀਆਂ ਵਿੱਢ ਕੇ ਕਿਸਾਨਾਂ ‘ਚ ਉਕਸਾਹਟ ਪੈਦਾ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਦਾ ਸਪਸ਼ਟ ਸੰਕੇਤ ਭਾਜਪਾ ਆਗੂ ਸਾਂਪਲਾ ਵਲੋਂ ਮਾਰਚ ਕਰਨ ਦਾ ਸੱਦਾ ਦੇਣਾ ਹੈ ।
ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਚੌਕਸ ਹਨ ਤੇ ਭਾਜਪਾ ਦੇ ਰਾਜ ‘ਚ ਤਣਾਅ ਪੈਦਾ ਕਰਨ ਦੇ ਇਸ ਕਦਮ ਦਾ ਪੂਰੀ ਸੂਝ-ਬੂਝ ਨਾਲ ਜਵਾਬ ਦਿੱਤਾ ਜਾਏਗਾ। ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ਾਂ ‘ਚ ਦਲਿਤ ਵੀ ਸ਼ਾਮਲ ਹਨ ਅਤੇ ਕਿਸਾਨ ਦਲਿਤਾਂ ਦੇ ਹਰ ਤਰ੍ਹਾਂ ਦੇ ਸੰਘਰਸ਼ ‘ਚ ਉਹਨਾਂ ਨਾਲ ਖਲੋਣਗੇ। ਉਨ੍ਹਾਂ ਪੇਂਡੂ ਮਜਦੂਰ ਤੇ ਖੇਤ ਮਜਦੂਰ ਸਭਾਵਾਂ, ਦਲਿਤ ਜਥੇਬੰਦੀਆਂ ਤੇ ਖਾਸਕਰ ਬਹੁਜਨ ਸਮਾਜ ਪਾਰਟੀ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ‘ਚ ਫੁੱਟ ਪਾਉਣ ਦੀ ਭਾਜਪਾ ਦੀ ਸਾਜਿਸ਼ ਨੂੰ ਨਾਕਾਮ ਕਰਨ ਲਈ ਅੱਗੇ ਆਉਣ ਅਤੇ ਦਲਿਤ ਭਾਈਚਾਰੇ ਨੂੰ ਇਸ ਫਿਰਕੂ ਤੇ ਜਾਤਪਾਤੀ ਖੇਡ ਬਾਰੇ ਚੌਕਸ ਕਰਨ। ਉਨਾਂ ਕਿਹਾ ਕਿ ਕਿਸਾਨ ਮਜਦੂਰ ਏਕਾ ਹੀ ਪੰਜਾਬ ਦੇ ਵਿਕਾਸ ਦਾ ਜਾਮਨ ਬਣੇਗਾ।