ਹਰੀਸ਼ ਕਾਲੜਾ
- ਪ੍ਰਵਾਸੀ ਮਜਦੂਰਾਂ ਦਾ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਦਾ ਸੁਪਨਾ ਹਨੇਰੇ ਵਿੱਚ
ਸ਼੍ਰੀ ਅਨੰਦਪੁਰ ਸਾਹਿਬ, 7 ਨਵੰਬਰ 2020 : ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਆਰੰਭੇ ਸੰਘਰਸ਼ ਤੇ ਕੇਂਦਰ ਸਰਕਾਰ ਵਲੋਂ ਪੰਜਾਬ ਚ ਰੇਲ ਗੱਡੀਆਂ ਚਲਾਉਣ ਦੀ ਬੇਯਕੀਨੀ ਵਾਲੀ ਹਾਲਤ ਬਾਹਰਲੇ ਸੂਬਿਆਂ ਤੋਂ ਆਏ ਮਜਦੂਰਾਂ ਤੇ ਭਾਰੀ ਪੈ ਰਹੀ ਹੈ, ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਅਪਣੇ ਪਰਿਵਾਰਾਂ ਨਾਲ ਸਾਂਝੀਆਂ ਕਰਨ ਦੇ ਇਨਾਂ ਮਜਦੂਰ ਲੋਕਾਂ ਦੇ ਚਾਵਾਂ ਨੂੰ ਇਸ ਵਾਰ ਰੇਲ ਗੱਡੀਆਂ ਦੇ ਨਾਂ ਚੱਲ ਸਕਣ ਕਾਰਨ ਗ੍ਰਹਿਣ ਲੱਗ ਸਕਦਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਵੱਖੋ ਵੱਖ ਧੜੇ ਭਾਵੇਂ ਮਾਲ ਗੱਡੀਆਂ ਲਈ ਰੇਲਵੇ ਲਾਈਨਾਂ ਛੱਡਣ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਰਜ਼ਾਮੰਦ ਹੋ ਗਏ ਹਨ, ਪ੍ਰੰਤੂ ਜਥੇਬੰਦੀਆਂ ਵਲੋਂ ਯਾਤਰੀ ਗੱਡੀਆਂ ਨਾ ਚੱਲਣ ਦੇਣ ਦੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਹੈ, ਪੰਜਾਬ ਆਉਣ ਦੇ ਚਾਹਵਾਨ ਹੀ ਨਹੀਂ ਬਲਕਿ ਪੰਜਾਬ ਤੋਂ ਅਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ ਵੀ ਇਸ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ, ਦੀਵਾਲੀ, ਛੱਠ ਪੂਜਾ ਆਦਿ ਮੋਕਿਆਂ ਨੂੰ ਅਪਣੇ ਪਰਿਵਾਰਾਂ ਨਾਲ ਮਨਾਉਣ ਦੀ ਖੁਸ਼ੀ ਇਸ ਵਾਰ ਕਿਸਾਨ ਅੰਦੋਲਨ ਦੀ ਭੇਂਟ ਚੜ੍ਹਨ ਦੀ ਸੰਭਾਵਨਾ ਬਣੀ ਹੋਈ ਹੈ, ਰਜਨੀਸ਼ ਕੁਮਾਰ ਪੁੱਤਰ ਕੁੰਭਰ ਪਾਲ ਵਾਸੀ ਪਿੰਡ ਕਾਲਮ ਤਹਿਸੀਲ ਓਲਹਾ ਜ਼ਿਲਾਂ ਬਰੇਲੀ ਜੋ ਕੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਵਪਾਰੀ ਕੋਲ ਨੌਕਰੀ ਕਰਦਾ ਹੈ ਉਸ ਨੇ ਦੱਸਿਆ ਕਿ ਉਸ ਦੇ ਕਈ ਸਾਥੀ ਪਿਛਲੇ ਕਈ ਦਿਨ ਤੋਂ ਅਪਣੇ ਪਿੰਡਾਂ ਨੂੰ ਜਾ ਕੇ ਤਿਉਹਾਰ ਮਨਾਉਣ ਦਾ ਮਨ ਬਣਾ ਰਹੇ ਹਨ ਪ੍ਰੰਤੂ ਰੇਲ ਗੱਡੀਆਂ ਬੰਦ ਹੋਣ ਕਾਰਨ ਉਨਾਂ ਦਾ ਅਪਣੇ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਦਾ ਸੁਪਨਾ ਹੁਣ ਹਨੇਰੇ ਵਿੱਚ ਪੈ ਗਿਆ ਹੈ।
ਇਸੇ ਤਰ੍ਹਾਂ ਅਮਨਦੀਪ ਪਿੰਡ ਗੁਜਰੇਲਾ ਜ਼ਿਲ੍ਹਾ ਰਾਮਪੁਰ ਤਹਿਸੀਲ ਸ਼ਾਹਬਾਦ ਨੇ ਦੱਸਿਆ ਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਪਾਰੀ ਦੀ ਦੁਕਾਨ ਤੇ ਕੰਮ ਕਰਦਾ ਹੈ, ਤਿਉਹਾਰਾਂ ਦੇ ਸਮੇਂ ਉਹ ਅਪਣੇ ਪਰਿਵਾਰ ਨਾਲ ਮਨਾਉਣ ਲਈ ਹਰ ਸਾਲ ਦੁਸਹਿਰਾ, ਦੀਵਾਲੀ ਤੇ ਛੱਠ ਪੂਜਾ ਤੇ ਅਪਣੇ ਘਰ ਜਾਂਦਾ ਹੈ ਪਰ ਇਸ ਸਾਲ ਉਹ ਰੇਲ ਗੱਡੀਆਂ ਬੰਦ ਹੋਣ ਕਾਰਨ ਅਪਣੇ ਘਰ ਨਹੀਂ ਜਾ ਪਾ ਰਿਹਾ ਉਹ ਤੇ ਉਸਦਾ ਭਰਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੰਮ ਕਰਦੇ ਹਨ ਤੇ ਬਾਕੀ ਸਾਰਾ ਪਰਿਵਾਰ ਸ਼ਾਹਬਾਦ ਰਹਿੰਦਾ ਹੈ, ਰਾਹੁਲ ਕੁਮਾਰ ਜਿਲ੍ਹਾ ਬਰੇਲੀ ਤਹਿਸੀਲ ਬਿਸੋਲੀ ਪਿੰਡ ਮੌਜਮਪੁਰ ਦਾ ਵਸਨੀਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਬੇਲ ਪੁੜੀ ਦੀ ਰੇਹੜੀ ਲਗਾਉਂਦਾ ਹੈ ਤੇ ਉਹ ਪਿਛਲੇ 10-12 ਸਾਲ ਤੋਂ ਇੱਥੇ ਕੰਮ ਕਰ ਰਿਹਾ ਹੈ।
ਉਸਨੇ ਦੱਸਿਆ ਕਿ ਉਹ ਰੇਲ ਗੱਡੀਆਂ ਬੰਦ ਹੋਣ ਕਾਰਨ ਇਸ ਸਾਲ ਅਪਣੇ ਪਰਿਵਾਰ ਕੋਲ ਪਿੰਡ ਨਹੀਂ ਜਾ ਸਕਿਆ, ਉਸਦਾ ਕਹਿਣਾ ਹੈ ਕਿ ਸਾਲ ਵਿੱਚ ਉਹ ਸਿਰਫ ਦੀਵਾਲੀ ਦਾ ਤਿਉਹਾਰ ਹੀ ਅਪਣੇ ਪਰਿਵਾਰ ਨਾਲ ਪਿੰਡ ਜਾ ਕੇ ਮਨਾਉਂਦਾ ਹੈ, ਸੰਜੂ ਕੁਮਾਰ ਪਿੰਡ ਆਸਕਪੁਰ ਤਹਿਸੀਲ ਬਿਸੋਲੀ ਜਿਲ੍ਹਾ ਬਰੇਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੋਲ ਗੱਪੇ ਆਦਿ ਖਾਣ ਦੀਆਂ ਵਸਤੂਆਂ ਦੀ ਰੇਹੜੀ ਲਾਉਂਦਾ ਹੈ, ਉਸਨੇ ਦੱਸਿਆ ਕਿ ਰੇਲ ਗੱਡੀਆਂ ਬੰਦ ਹੋਣ ਕਾਰਨ ਇੱਕ ਤਾਂ ਗ੍ਰਾਹਕਾਂ ਉੱਤੇ ਭਾਰੀ ਅਸਰ ਪਿਆ ਹੈ ਤੇ ਦੂਜਾ ਵਪਾਰ ਤੇ, ਉਸਨੇ ਕਿਹਾ ਕਿ ਪਹਿਲਾਂ ਲੋਕਡਾਊਨ ਕਾਰਨ ਸੰਗਤ ਆਉਣਾ ਬੰਦ ਹੋ ਗਈ ਤੇ ਹੁਣ ਰੇਲ ਗੱਡੀਆਂ ਬੰਦ ਹੋਣ ਕਾਰਨ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਉਸਨੇ ਦੱਸਿਆ ਕਿ ਉਹ ਅਪਣੇ ਸਾਥੀਆਂ ਨਾਲ ਹਰੇਕ ਸਾਲ ਦੀਵਾਲੀ ਤੇ ਅਪਣੇ ਪਿੰਡ ਜਾ ਕੇ ਤਿਉਹਾਰ ਮਨਾਉਂਦਾ ਹੈ ਪਰ ਇਸ ਸਾਲ ਉਹ ਰੇਲ ਗੱਡੀਆਂ ਬੰਦ ਹੋਣ ਕਾਰਨ ਨਹੀਂ ਜਾ ਪਾ ਰਿਹਾ, ਉਨਾਂ ਕਿਸਾਨਾਂ ਤੇ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਰੇਲ ਗੱਡੀਆਂ ਮੁੜ ਤੋਂ ਸ਼ੁਰੂ ਕਰਨ ਤਾਂ ਜੋ ਵਪਾਰ ਤੇ ਅਪਣੇ ਪਿੰਡ ਜਾਣ ਵਾਲੇ ਪ੍ਰਵਾਸੀ ਸੂਬਿਆਂ ਤੋਂ ਆਏ ਮਜਦੂਰਾਂ ਨੂੰ ਰਾਹਤ ਮਿਲ ਸਕੇ