- 5300 ਟਨ ਯੂਰੀਆ ਵਾਲੀਆਂ ਦੋ ਟ੍ਰੇਨਾਂ ਖੰਨਾ ਅਤੇ ਲੁਧਿਆਣਾ ਰੇਲਵੇ ਸਟੇਸ਼ਨਾਂ 'ਤੇ ਪਹੁੰਚੀਆਂ
- ਯੂਰੀਆ ਦੀ ਘਾਟ ਨਾਲ ਕਣਕ ਤੇ ਆਲੂ ਦੀਆਂ ਫਸਲਾਂ ਹੋ ਰਹੀਆਂ ਸਨ ਪ੍ਰਭਾਵਿਤ
ਲੁਧਿਆਣਾ, 25 ਨਵੰਬਰ 2020 - ਲੁਧਿਆਣਾ ਦੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਯੂਰੀਆ ਵਾਲੀਆਂ ਦੋ ਰੇਲ ਗੱਡੀਆਂ ਜ਼ਿਲ੍ਹੇ ਵਿਚ ਪਹੁੰਚ ਗਈਆਂ ਹਨ ਕਿਉਂਕਿ ਯੂਰੀਆ ਦੀ ਘਾਟ ਨਾਲ ਇਹ ਕਣਕ ਅਤੇ ਆਲੂ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਸੀ। ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ: ਨਰਿੰਦਰ ਸਿੰਘ ਬੈਨੀਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤਕਰੀਬਨ 5300 ਟਨ ਯੂਰੀਆ ਵਾਲੀਆਂ ਦੋ ਟ੍ਰੇਨਾਂ ਖੰਨਾ ਅਤੇ ਲੁਧਿਆਣਾ ਰੇਲਵੇ ਸਟੇਸ਼ਨਾਂ ਤੇ ਪਹੁੰਚ ਗਈਆਂ ਹਨ ਅਤੇ ਅਗਲੇ ਦੋ ਦਿਨਾਂ ਵਿੱਚ ਅਜਿਹੀਆਂ ਹੋਰ ਟ੍ਰੇਨਾਂ ਆਉਣ ਦੀ ਵੀ ਸੰਭਾਵਨਾ ਹੈ।
ਪੰਜਾਬ ਵਿੱਚ ਰੇਲ ਗੱਡੀਆਂ ਦੇ ਚਾਲੂ ਨਾ ਹੋਣ ਕਾਰਨ ਜ਼ਿਲ੍ਹਾ ਲੁਧਿਆਣਾ ਵਿੱਚ ਯੂਰੀਆ ਦੀ ਭਾਰੀ ਘਾਟ ਸੀ। 31 ਅਕਤੂਬਰ ਤੱਕ, ਜ਼ਿਲ੍ਹੇ ਵਿਚ ਯੂਰੀਆ ਦਾ ਸਿਰਫ 7 ਪ੍ਰਤੀਸ਼ਤ ਅਤੇ ਡੀ.ਏ.ਪੀ. ਖਾਦ ਦਾ ਲਗਭਗ 71 ਪ੍ਰਤੀਸ਼ਤ ਸਟਾਕ ਬਚਿਆ ਸੀ।
ਡਾ: ਬੈਨੀਪਾਲ ਨੇ ਦੱਸਿਆ ਕਿ ਹਾਲਾਂਕਿ ਕੁਝ ਯੂਰੀਆ ਅਤੇ ਡੀ.ਏ.ਪੀ. ਟਰੱਕਾਂ ਵਿਚ ਆ ਰਹੀ ਸੀ, ਜੋ ਨਾਕਾਫੀ ਹੈ ਕਿਉਂਕਿ ਟਰੱਕਾਂ ਰਾਹੀਂ ਕਿਸਾਨਾਂ ਦੀ ਲੋੜ ਪੂਰੀ ਨਹੀਂ ਕੀਤੀ ਜਾ ਸਕਦੀ। ਇੱਕ ਟਰੱਕ ਵੱਧ ਤੋਂ ਵੱਧ 500 ਬੈਗ ਯੂਰੀਆ (ਤਕਰੀਬਨ 20 ਟਨ) ਲਿਆ ਸਕਦਾ ਹੈ, ਜਦੋਂ ਕਿ ਅੱਜ ਇਕੱਲੇ ਦੋ ਰੇਲ ਗੱਡੀਆਂ ਵਿਚ ਯੂਰੀਆ ਦੇ 1,18,000 ਬੈਗ ਆਏ ਹਨ।
ਜ਼ਿਲ੍ਹਾ ਲੁਧਿਆਣਾ ਵਿੱਚ ਕਣਕ ਦੀ ਬਿਜਾਈ ਕਰੀਬ 2.5 ਲੱਖ ਹੈਕਟੇਅਰ ਵਿੱਚ ਹੋਈ ਹੈ, ਆਲੂ ਕਰੀਬ 13,500 ਹੈਕਟੇਅਰ ਵਿੱਚ ਅਤੇ ਕੁਝ ਹੋਰ ਫਸਲਾਂ ਵੀ ਬੀਜੀਆਂ ਗਈਆਂ ਹਨ। ਇਨ੍ਹਾਂ ਫਸਲਾਂ ਲਈ 1.10 ਲੱਖ ਟਨ ਯੂਰੀਆ ਦੀ ਜ਼ਰੂਰਤ ਸੀ ਅਤੇ ਕੱਲ ਤਕ, 65,000 ਟਨ ਦੀ ਲੰਬਿਤ ਮੰਗ ਸੀ। ਰੇਲ ਗੱਡੀਆਂ ਰਾਹੀਂ ਹੁਣ ਤਕਰੀਬਨ 5300 ਟਨ ਯੂਰੀਆ ਦੀ ਆਮਦ ਹੋਣ ਨਾਲ ਇਹ ਜ਼ਿਲ੍ਹਾ ਲੁਧਿਆਣਾ ਦੀਆਂ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤੀ ਜਾਵੇਗੀ।
ਕਣਕ ਦੀ ਫਸਲ ਦੀ ਬਿਜਾਈ ਨਵੰਬਰ ਦੇ ਪਹਿਲੇ ਹਫਤੇ ਸ਼ੁਰੂ ਹੋ ਗਈ ਸੀ ਅਤੇ ਯੂਰੀਆ ਅਤੇ ਡੀ.ਏ.ਪੀ. ਦੋਵਾਂ ਦੀ ਘਾਟ ਨਾਲ ਇਹ ਫਸਲ ਪ੍ਰਭਾਵਿਤ ਹੋ ਰਹੀ ਸੀ, ਨਤੀਜੇ ਵਜੋਂ ਕਿਸਾਨਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਸਨ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ 47,432 ਟਨ ਯੂਰੀਆ ਦੀ ਮੰਗ ਹੈ ਜਿਸ ਵਿੱਚ ਪਾਇਲ ਹਲਕੇ ਲਈ 6772 ਟਨ ਦੀ ਮੰਗ, ਲੁਧਿਆਣਾ (ਪੱਛਮੀ) ਲਈ 7043 ਟਨ, ਲੁਧਿਆਣਾ(ਪੂਰਬੀ) ਲਈ 5989 ਟਨ, ਰਾਏਕੋਟ ਲਈ 7452 ਟਨ, ਖੰਨਾ ਲਈ 2763 ਟਨ, ਸਮਰਾਲਾ ਲਈ 5603 ਟਨ ਅਤੇ ਜਗਰਾਉਂ ਲਈ 11857 ਟਨ ਸ਼ਾਮਿਲ ਹੈ।
ਪਿੰਡ ਹਸਨਪੁਰ ਦੇ ਰਹਿਣ ਵਾਲੇ ਕਿਸਾਨ ਅਮਨਦੀਪ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨਾਂ ਦੇ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਉਠਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਮਾਲ ਢੋਣ ਵਾਲੀਆਂ ਰੇਲ ਗੱਡੀਆਂ ਮੁੜ ਚਾਲੂ ਹੋਣ ਨਾਲ ਉਮੀਦ ਹੈ ਕਿ ਉਨ੍ਹਾਂ ਨੂੰ ਯੂਰੀਆ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
ਪਿੰਡ ਇਯਾਲੀ ਕਲਾਂ ਦੇ ਕਿਸਾਨ ਕੰਵਰਜੋਤ ਸਿੰਘ ਪੁਨੀਆ ਨੇ ਦੱਸਿਆ ਕਿ ਜਲਦ ਮੀਂਹ ਪੈਣ ਨਾਲ ਯੂਰੀਆ ਦੀ ਵਰਤੋਂ ਦੀ ਮੰਗ ਵੱਧ ਗਈ ਸੀ ਅਤੇ ਇਸ ਦਾ ਪ੍ਰਬੰਧ ਕਰਨਾ ਕਿਸਾਨਾਂ ਲਈ ਬਹੁਤ ਮੁਸ਼ਕਲ ਹੋ ਗਿਆ ਸੀ। ਪਰ ਹੁਣ ਅੱਜ ਦੋ ਰੇਲ ਗੱਡੀਆਂ ਦੇ ਆਉਣ ਨਾਲ, ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਜ਼ਿਲ੍ਹਾ ਲੁਧਿਆਣਾ ਦੇ ਕਿਸਾਨਾਂ ਲਈ ਯੂਰੀਆ ਦੀ ਕੋਈ ਘਾਟ ਨਹੀਂ ਹੋਵੇਗੀ।