ਅਸ਼ੋਕ ਵਰਮਾ
ਮਾਨਸਾ, 16 ਅਕਤੂਬਰ 2020 - ਸ਼ਹੀਦ ਮਾਤਾ ਤੇਜ ਕੌਰ ਬਰ੍ਹੇ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ਦੇ ਡੀ.ਸੀ. ਦਫ਼ਤਰ ਦਾ ਕੀਤਾ ਹੋਇਆ ਘਿਰਾਓ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਜਥੇਬੰਦੀ ਵੱਲੋਂ ਜਿਸ ਦਿਨ ਤੋਂ ਦਫ਼ਤਰ ਦੇ ਮੇਨ ਗੇਟ ਨੂੰ ਰੋਕਿਆ ਹੋਇਆ ਹੈ। ਉਸ ਦਿਨ ਤੋਂ ਹੀ ਡਿਪਟੀ ਕਮਿਸ਼ਨਰ ਆਪਣੇ ਦਫ਼ਤਰ ਵਿੱਚ ਨਹੀਂ ਬੈਠ ਰਹੇ ਅਤੇ ਨਾ ਹੀ ਸਬੰਧਤ ਮੰਗਾਂ ਦਾ ਕੋਈ ਨਿਪਟਾਰਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਅੜੀਅਲ ਵਤੀਰੇ ਕਾਰਨ ਕਿਸਾਨਾਂ ਵਿੱਚ ਰੋਸ ਵੱਧ ਰਹੇ ਹਨ। ਜਥੇਬੰਦੀ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਮੰਗਾਂ ਮੰਨਣ ਤੱਕ ਦਿਨ-ਰਾਤ ਅਣਮਿਥੇ ਸਮੇਂ ਲਈ ਦਫ਼ਤਰ ਦੇ ਗੇਟ ਦਾ ਘਿਰਾਓ ਜਾਰੀ ਰਹੇਗਾ। ਅੱਜ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਔਰਤਾਂ ਨੇ ਸਮੂਲੀਅਤ ਕਰਕੇ ਕੈਪਟਨ ਸਰਕਾਰ ਦਾ ਪਿੱਟ-ਸਿਆਪਾ ਕੀਤਾ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਅਤ ਸਾਫ਼ ਨਹੀਂ ਕਿਉਂਕਿ ਕੇਂਦਰ ਸਰਕਾਰ ਖਿਲਾਫ ਚੱਲੇ ਅੰਦੋਲਨ ਵਿੱਚ ਹੀ ਮਾਤਾ ਤੇਜ ਕੌਰ ਦੀ ਜ਼ਿੰਦਗੀ ਲੱਗੀ ਹੈ, ਪਰ ਅਜੇ ਤੱਕ ਕੈਪਟਨ ਸਰਕਾਰ ਨੇ ਨਾਂ ਤਾਂ ਪਰਿਵਾਰ ਦੀ ਕੋਈ ਸਾਰ ਲਈ ਹੈ ਅਤੇ ਨਾ ਹੀ ਸਬੰਧਤ ਮੰਗਾਂ ਤੇ ਕਿਸੇ ਕਿਸਮ ਦੀ ਕੋਈ ਹਾਮੀ ਭਰੀ ਹੈ। ਅੱਜ ਵੱਖ-ਵੱਖ ਥਾਵਾਂ ਤੇ ਧਰਨਿਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਤੇ ਉਸ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵੱਡੇ ਜੰਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਕਿਸਾਨਾਂ ਨੂੰ ਮਾਲਕ ਬਣਾਇਆ ਸੀ ਪਰ ਅੱਜ ਫੇਰ ਉਹੀ ਜੰਗੀਰਦਾਰ ਕੰਪਨੀਆਂ ਦੇ ਰੂਪ ਵਿੱਚ ਜ਼ਮੀਨਾਂ ਤੇ ਕਬਜੇ ਕਰਨ ਲਈ ਆ ਰਹੇ ਹਨ।
ਇਸੇ ਤਰ੍ਹਾਂ ਉੱਘੇ ਰੰਗਕਰਮੀ ਨਾਟਕਕਾਰ ਹੰਸਾ ਸਿੰਘ ਦੀ ਹੋਈ ਮੌਤ ਤੇ ਸੋਗ ਪ੍ਰਗਟ ਕੀਤਾ ਗਿਆ। ਉਧਰ ਬਣਾਂਵਾਲੀ ਥਰਮਲ ਪਲਾਂਟ ਅੱਗੇ ਧਰਨਾ ਜਾਰੀ ਹੈ ਜਦੋਂਕਿ ਬੁਢਲਾਡਾ ਵਿੱਚ ਭਾਜਪਾ ਦੇ ਇੱਕ ਆਗੂ ਦੇ ਘਰ ਅੱਗੇ ਧਰਨਾ ਹਰ ਰੋਜ ਲੱਗਦਾ ਹੈ। ਰਿਲਾਇੰਸ ਦੇ ਤੇਲ ਪੰਪ ਕੈਂਚੀਆਂ, ਬਰੇਟਾ, ਸਰਦੂਲਗੜ ਵਿੱਚ ਘਿਰਾਓ ਕਰਕੇ ਤੇਲ ਸਪਲਾਈ ਪਿਛਲੇ 16 ਦਿਨਾਂ ਤੋਂ ਰੋਕੀ ਹੋਈ ਹੈ। ਮਾਨਸਾ ਘਿਰਾਓ ਸਮੇਂ ਨਾਟਕ ਟੀਮ ਚੰਡੀਗੜ ਇਕੱਤਰ ਸਿੰਘ ਦੀ ਅਗਵਾਈ ਵਿੱਚ “ਇਹ ਲਹੂ ਕਿਸ ਦਾ ਹੈ’’ ਖੇਡ੍ਹਿਆ ਗਿਆ। ਵੱਖ-ਵੱਖ ਥਾਵਾਂ ਤੇ ਜਗਦੇਵ ਸਿੰਘ, ਜਰਨੈਲ ਸਿੰਘ, ਮਲਕੀਤ ਸਿੰਘ, ਸੀਰਾ ਸਿੰਘ, ਭੋਲਾ ਸਿੰਘ ਮਾਖਾ, ਜੱਗਾ ਸਿੰਘ ਜਟਾਣਾ ਨੇ ਵੀ ਸੰਬੋਧਨ ਕੀਤਾ।