- ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਨੂੰ ਬਿੱਲ ਮੁੜ ਵਿਚਾਰ ਕਰਨ ਲਈ ਵਾਪਸ ਭੇਜਣ ਦੀ ਕੀਤੀ ਅਪੀਲ
ਚੰਡੀਗੜ੍ਹ, 20 ਸਤੰਬਰ 2020 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਕੀਤੀ ਕਿ ਉਹ ਸੰਸਦ ਵਿਚ ਪਾਸ ਖੇਤੀਬਾੜੀ ਜਿਣਸ ਮੰਡੀਕਰਣ ਬਿੱਲਾਂ ਨੂੰ ਪ੍ਰਵਾਨਗੀ ਨਾ ਦੇਣ। ਰਾਸ਼ਟਰਪਤੀ ਨੂੰ ਕੀਤੀ ਭਾਵੁਕ ਅਪੀਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਪ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਪਹਿਲਾਂ ਹੀ ਮੁਸ਼ਕਿਲਾਂ ਵਿਚ ਘਿਰੇ ਤੇ ਔਖ ਕੱਟ ਰਹੇ ਕਿਸਾਨਾਂ, ਖੇਤ ਮਜ਼ਦੂਰਾਂ, ਮੰਡੀ ਮਜ਼ਦੂਰਾਂ ਤੇ ਦਲਿਤਾਂ ਨਾਲ ਇਸ ਲੋੜ ਦੇ ਸਮੇਂ ਵਿਚ ਖੜੇ ਹੋਵੇ। ਉਹਨਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਤੇ ਉਹ ਦੇਸ਼ ਵਿਚ ਸਰਵਉਚ ਅਥਾਰਟੀ ਵਜੋਂ ਆਪ ਵੱਲ ਵੇਖ ਰਹੇ ਹਨ ਕਿ ਤੁਸੀਂ ਹਦਾਇਤਾਂ ਜਾਰੀ ਕਰੋਗੇ ਅਤੇ ਉਹਨਾਂ ਦੇ ਬਚਾਅ ਵਾਸਤੇ ਨਿਤਰੋਗੇ, ਇਹਨਾਂ ਬਿੱਲਾਂ 'ਤੇ ਹਸਤਾਖ਼ਰ ਨਾ ਕਰ ਕੇ ਇਹਨਾਂ ਨੂੰ ਐਕਟ ਵਿਚ ਬਦਲਣ ਤੋਂ ਰੋਕ ਦੇਵੋਗੇ। ਉਹਨਾਂ ਕਿਹਾ ਕਿ ਜੇਕਰ ਅਸੀਂ ਅਸਫਲ ਹੋ ਗਏ ਤਾਂ ਫਿਰ ਗਰੀਬ ਤੇ ਮੁਸੀਬਤਾਂ ਵਿਚ ਘਿਰਿਆ ਵਰਗ ਤੇ ਉਹਨਾਂ ਦੀਆਂ ਭਵਿੱਖੀ ਪੀੜੀਆਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ।
ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਬਿੱਲਾਂ ਨੂੰ ਮੁੜ ਵਿਚਾਰ ਲਈ ਸੰਸਦ ਵਿਚ ਵਾਪਸ ਭੇਜਣ ਤਾਂ ਕਿ ਸਰਕਾਰ ਵੱਲੋਂ ਅੜਬਪੁਣੇ ਵਿਚ ਕਾਹਲੀ ਨਾਂਲ ਲਏ ਗਏ ਫੈਸਲੇ ਸਾਡੇ ਦੇਸ਼ ਦੇ ਮਨ 'ਤੇ ਸਥਾਈ ਧੱਬੇ ਨਾ ਲਾਉਣ ਤੇ ਨਾ ਹੀ ਕਿਸਾਨਾਂ, ਖੇਤ ਤੇ ਮੰਡੀ ਮਜ਼ਦੂਰਾਂ ਦੇ ਚਿਰ ਕਾਲੀ ਹਿੱਤਾਂ 'ਤੇ ਕੋਈ ਡੂੰਘਾ ਫੱਟ ਲੱਗੇ।
ਰਾਜ ਸਭਾ ਵੱਲੋਂ ਇਹ ਬਿੱਲ ਪਾਸ ਕੀਤੇ ਜਾਣ ਨਾਲ ਹੁਣ ਇਹ ਹਸਤਾਖ਼ਰਾਂ ਵਾਸਤੇ ਰਾਸ਼ਟਰਪਤੀ ਕੋਲ ਜਾਣਗੇ ਤੇ ਇਸ ਮਗਰੋਂ ਹੀ ਇਹ ਬਿੱਲ ਐਕਟ ਬਣ ਸਕਣਗੇ।
ਬਾਦਲ ਨੇ ਕਿਹਾ ਕਿ ਇਸ ਲਈ ਹਾਲੇ ਵੀ ਸਮਾਂ ਹੈ ਕਿ ਇਸ ਫੈਸਲੇ 'ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਇਸ ਨਾਲ ਸਾਡੇ ਕੁੱਲ ਕੌਮੀ ਹਿੱਤਾਂ ਨੂੰ ਪੁੱਜਣ ਵਾਲੇ ਨੁਕਸਾਨ ਦੇ ਖ਼ਤਰੇ ਦੀ ਸਮੀਖਿਆ ਕੀਤੀ ਜਾਵੇ ਖਾਸ ਤੌਰ 'ਤੇ ਉਦੋਂ ਜਦੋਂ ਸਾਡੇ ਦੇਸ਼ ਦੇ ਅਰਥਚਾਰੇ ਨੂੰ ਸਮਾਜਿਕ ਸਥਿਰਤਾ, ਸ਼ਾਂਤੀ ਤੇ ਸਦਭਾਵਨਾ ਦੀ ਜ਼ਰੂਰਤ ਹੈ ਤਾਂ ਜੋ ਉਹ ਕੋਰੋਨਾ ਮਹਾਮਾਰੀ ਤੋਂ ਬਾਅਦ ਦੇ ਕਾਲ ਵਿਚ ਮੁੜ ਉਭਰ ਸਕੇ।
ਬਾਦਲ ਨੇ ਕਿਹਾ ਕਿ ਸੰਸਥਾਪਕਾਂ ਨੇ ਸੰਵਿਧਾਨ ਵਿਚ ਇਹ ਵਿਵਸਥਾ ਕੀਤੀ ਹੈ ਕਿ ਰਾਸ਼ਟਰਪਤੀ ਉਸ ਕੋਲ ਭੇਜੇ ਗਏ ਕਿਸੇ ਵੀ ਕਾਨੂੰਨ ਦੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਇਸ ਵਿਚ ਦਖਲ ਦੇ ਸਕਦਾ ਹੈ। ਸਰਕਾਰ ਦੇ ਫੈਸਲੇ ਬਾਰੇ ਕੌਮੀ ਸਹਿਮਤੀ ਨਾ ਹੋਣ 'ਤੇ ਰਾਸ਼ਟਰਪਤੀ ਸੰਸਦ ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਤੇ ਇਸਦੀ ਸਮੀਖਿਆ ਕਰਨ ਲਈ ਵੀ ਆਖ ਸਕਦਾ ਹੈ। ਕਦੇ ਵੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਆਪਣੇ ਅਖ਼ਤਿਆਰ ਵਰਤਣ ਦੇ ਇਸ ਤਰੀਕੇ ਦੇ ਆਪਾਤਕਾਲ ਦੇ ਹਾਲਾਤ ਨਹੀਂ ਬਣੇ ਜਿੰਨੇ ਅੱਜ ਬਣੇ ਹੋਏ ਹਨ ਕਿਉਂਕਿ ਮੌਜੂਦਾ ਕਾਨੂੰਨ ਦੇਸ਼ ਦੀ 80 ਫੀਸਦੀ ਆਬਾਦੀ 'ਤੇ ਸਿੱਧੇ ਅਤੇ 20 ਫੀਸਦੀ ਦੇ ਭਵਿੱਖ 'ਤੇ ਅਸਿੱਧੇ ਤੌਰ 'ਤੇ ਸਵਾਲੀਆ ਨਿਸ਼ਾਨਾ ਲਗਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਰਾਸ਼ਟਰਪਤੀ ਵੱਲੋਂ ਆਪਣੀ ਸਿਆਣਪ ਵਰਤਣ ਤੇ ਸੰਸਦ ਦੇ ਦੋਵਾਂ ਸਦਨਾਂ ਨੂੰ ਬਿੱਲਾਂ 'ਤੇ ਮੁੜ ਵਿਚਾਰ ਕਰਨ ਲਈ ਆਖਣ ਦਾ ਸਹੀ ਸਮਾਂ ਹੈ। ਅਜਿਹਾ ਕਰਨਾ ਦੇਸ਼ ਦੇ ਹਿੱਤ ਵਿਚ ਵੀ ਹੈ।
ਬਾਦਲ ਨੇ ਕਿਹਾ ਕਿ ਜੋ ਕੁਝ ਵੀ ਅੱਜ ਸੰਸਦ ਵਿਚ ਹੋਇਆ, ਉਸਦਾ ਉਹਨਾਂ ਨੂੰ ਬੇਹੱਦ ਦੁੱਖ ਹੈ। ਲੋਕਤੰਤਰ ਸਿਰਫ ਬਹੁਮਤ ਨਾਲ ਅਤਿਆਚਾਰ ਕਰਨਾ ਨਹੀਂ ਹੈ ਬਲਕਿ ਇਹ ਸਲਾਹ ਮਸ਼ਵਰਾ ਕਰਨਾ, ਰਾਜ਼ੀਨਾਮੇ ਕਰਨਾ ਅਤੇ ਸਹਿਮਤੀ ਬਣਾਉਣਾ ਹੈ। ਅੱਜ ਦੀ ਕਾਰਵਾਈ ਦੌਰਾਨ ਲੋਕਤੰਤਰ ਦੀਆਂ ਇਹ ਤਿੰਨੇ ਕਦਰਾਂ ਕੀਮਤਾਂ ਅਣਡਿੱਠ ਕੀਤੀਆਂ ਗਈਆਂ ਹਨ। ਇਹ ਗਲਤੀ ਸਿਰਫ ਰਾਸ਼ਟਰਪਤੀ ਦੇ ਦਖਲ ਨਾਲ ਹੀ ਠੀਕ ਕੀਤੀ ਜਾ ਸਕਦੀ ਹੈ।