ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ 2020 - ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਯੂਨੀਅਨਾਂ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਅਤੇ ਪਿੰਡ ਵੜਿੰਗ ਨੇੜੇ ਮੁਕਤਸਰ-ਕੋਟਕਪੂਰਾ ਰੋਡ ’ਤੇ ਸਥਿਤ ਟੋਲ ਪਲਾਜ਼ੇ ’ਤੇ ਧਰਨੇ ’ਚ ਅੱਜ ਇੰਡੀਅਨ ਐਕਸ ਸਰਵਿਸ ਲੀਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਭੁੱਲਰ, ਸਾਬਕਾ ਸੂਬੇਦਾਰ ਜਸਵਿੰਦਰ ਸਿੰਘ ਗੰਧੜ, ਸਾਬਕਾ ਹੌਲਦਾਰ ਬਲਵਿੰਦਰ ਸਿੰਘ ਖ਼ਜਾਨਚੀ, ਬਲਾਕ ਪ੍ਰਧਾਨ ਬੋਹੜ ਸਿੰਘ, ਸਾਬਕਾ ਸੂਬੇਦਾਰ ਮੇਜਰ ਸਿੰਘ ਤੇ ਆਤਮਾ ਸਿੰਘ, ਹੌਲਦਾਰ ਸੁਖਦੇਵ ਸਿੰਘ ਮੀਤ ਪ੍ਰਧਾਨ, ਹੌਲਦਾਰ ਮੇਜਰ ਸਿੰਘ ਸਕੱਤਰ, ਹੌਲਦਾਰ ਸੁਰਿੰਦਰ ਸਿੰਘ ਮੀਤ ਪ੍ਰਧਾਨ ਤੇ ਕੈਪਟਨ ਮੁਖਤਿਆਰ ਸਿੰਘ ਸਕੱਤਰ ਸਮੇਤ ਸਾਰੇ ਸੈਨਿਕ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਹ ਕਿਸਾਨਾਂ ਨਾਲ ਖੜ੍ਹਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਫੈਸਲੇ ਲੈ ਕੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਪਹੁੰਚਾਇਆ ਜਾ ਰਿਹਾ ਹੈ, ਜਿਸਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਕਿਸਾਨਾਂ ਅਤੇ ਸਾਬਕਾ ਸੈਨਿਕਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਟੋਲ ਪਲਾਜ਼ਾ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਪੂਰਨ ਸਿੰਘ ਵੱਟੂ, ਬਲਾਕ ਪ੍ਰਧਾਨ ਗੁਰਦੇਵ ਸਿੰਘ, ਇਕਾਈ ਪ੍ਰਧਾਨ ਦਰਸ਼ਨ ਸਿੰਘ ਵੜਿੰਗ, ਬਲਵਿੰਦਰ ਸਿੰਘ ਬਾਜਾ ਮਰਾੜ, ਇਕਾਈ ਮੀਤ ਪ੍ਰਧਾਨ ਜੋਰਾ ਸਿੰਘ ਵੱਟੂ, ਇਕਾਈ ਪ੍ਰਧਾਨ ਜਸਵੀਰ ਸਿੰਘ ਸਰਾਏਨਾਗਾ, ਬਾਲਾ ਹਰੀਕੇ ਕਲਾਂ ਤੇ ਹੋਰਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਬਾਹਰੋਂ ਯੂਪੀ ਅਤੇ ਹੋਰਨਾਂ ਸੂਬਿਆਂ ਤੋਂ ਝੋਨੇ ਦੇ ਟਰੱਕ ਭਰ ਕੇ ਪੰਜਾਬ ’ਚ ਵਿੱਕਣ ਲਈ ਆ ਰਹੇ ਹਨ, ਜਿੰਨ੍ਹਾਂ ਨੂੰ ਰੋਕ ਕੇ ਰੱਖਿਆ ਹੈ ਪਰ ਟਰੱਕਾਂ ਦੇ ਮਾਲਕ ਨਹੀਂ ਆ ਰਹੇ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਟਰੱਕਾਂ ਦੇ ਮਾਲਕ ਨਾ ਆਏ ਤਾਂ ਯੂਨੀਅਨ ਵੱਲੋਂ ਟਰੱਕਾਂ ਨੂੰ ਆਪਣੇ ਕਬਜ਼ੇ ’ਚ ਕਰ ਲਿਆ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਹਰਲੇ ਰਾਜਾਂ ਤੋਂ ਪੰਜਾਬ ’ਚ ਝੋਨਾ ਵੇਚਣ ਆ ਰਹੇ ਟਰੱਕਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ।