ਅਸ਼ੋਕ ਵਰਮਾ
ਨਵੀਂ ਦਿੱਲੀ, 8 ਅਪਰੈਲ 2021 - :ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ,ਮਜ਼ਦੂਰਾਂ ਅਤੇ ਕਿਸਾਨ ਭੈਣਾ ਨੇ ਅੱਜ ਦਾ ਦਿਨ ਭਗਤ ਸਿੰਘ ਦੇ ਵਿਚਾਰਾ ਨੂੰ ਸਮਰਪਿਤ ਕੀਤਾ ਕਿਉਂ ਕਿ ਅੱਜ ਦੇ ਦਿਨ 8 ਅਪ੍ਰੈਲ 1929 ਨੂੰ ਬਰਤਾਨਵੀ ਸਾਮਰਾਜ ਦੀ ਗੁੰਗੀ - ਬੋਲੀ ਸਰਕਾਰ ਨੂੰ ਜਗਾਉਣ ਲਈ ਲਾਹੌਰ ਦੀ ਅਸੈਂਬਲੀ ਵਿੱਚ ਭਗਤ ਸਿੰਘ ਅਤੇ ਬੀ ਕੇ ਦੱਤ ਨੇ ਬੰਬ ਸੁੱਟਿਆ ਸੀ ਜਿਵੇਂ ਕਿ ਅੱਜ ਦੇ ਹਾਲਾਤਾਂ ਦੇ ਨਾਲ ਮੇਲ ਖਾਂਦੇ ਹੋਏ ਉਦੋਂ ਵੀ ਬਰਤਾਨਵੀ ਹਕੂਮਤ ਮਜ਼ਦੂਰਾ, ਕਿਸਾਨਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨ ਵਾਸਤੇ ਅੱਜ ਵੀ ਮੋਦੀ ਹਕੂਮਤ ਭਾਰਤ ਦੇ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵਾਸਤੇ ਤਿੰਨ ਕਾਲੇ ਕਾਨੂੰਨ ਜਬਰੀ ਕਿਸਾਨਾਂ 'ਤੇ ਥੋਪ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਢੇ ਚਾਰ ਮਹੀਨਿਆਂ ਤੋਂ ਭਾਰਤ ਦੇ ਕਿਸਾਨ, ਮਜ਼ਦੂਰ ਸ਼ਾਂਤਮਈ ਅੰਦੋਲਨ ਕਰ ਰਹੇ ਹਨ ਪਰ ਮੋਦੀ ਹਕੂਮਤ ਵੀ ਬਰਤਾਨਵੀ ਸਾਮਰਾਜ ਵਾਂਗੂੰ ਗੂੰਗੀ ਬੋਲੀ ਤੇ ਅੰਨ੍ਹੀ ਹੈ।ਇਹ ਸ਼ਬਦ ਗੁਰਬਾਜ ਸਿੰਘ ਫਾਜ਼ਿਲਕਾ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਨੇੜੇ ਗਦਰੀ ਗੁਲਾਬ ਕੌਰ ਨਗਰ ਸਟੇਜ ਤੋਂ ਕਹੇ। ਨੌਜਵਾਨ ਕਿਸਾਨ ਆਗੂ ਯੁਵਰਾਜ ਸਿੰਘ ਘੁਢਾਣੀ ਨੇ ਭਗਤ ਸਿੰਘ ਦੇ ਫਲਸਫੇ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਬੰਬ ਸੁੱਟਣ ਦਾ ਮਕਸਦ ਗੂੰਗੀ ਬੋਲੀ ਸਰਕਾਰ ਨੂੰ ਜਗਾਉਣਾ ਸੀ ਨਾ ਕਿ ਕਿਸੇ ਨੂੰ ਜਿਸਮਾਨੀ ਨੁਕਸਾਨ ਪਹੁੰਚਾਉਣਾ ਸੀ।ਇਸੇ ਤਰ੍ਹਾਂ ਅੱਜ ਵੀ ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾ,ਮਜ਼ਦੂਰਾਂ ਦਾ ਮਕਸਦ ਸ਼ਾਂਤਮਈ ਅੰਦੋਲਨ ਚਲਾ ਕੇ ਕਾਲੇ ਕਨੂੰਨਾ ਨੂੰ ਰੱਦ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਕਿਹਾ ਸੀ ਸੱਚਾ ਇਨਕਲਾਬੀ ਉਹ ਹੈ ਜੋ ਦੱਬੇ ਕੁਚਲੇ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਦੇ ਪਿੜ ਵਿੱਚ ਲੈ ਕੇ ਆਵੇ ਨਾ ਕਿ ਕੁਝ ਸਮੇਂ ਲਈ ਇਨਕਲਾਬ ਦੀਆਂ ਗੱਲਾਂ ਕਰਕੇ ਕਰਨ ਵਾਲਾ ਇਨਕਲਾਬੀ ਹੋਵੇਗਾ ।ਜਗਸੀਰ ਸਿੰਘ ਦੋਦੜਾ ਨੇ ਕਿਹਾ ਭਗਤ ਸਿੰਘ ਤੇ ਬੀ ਕੇ ਦੱਤ ਵੱਲੋਂ ਅਸੈਂਬਲੀ ਵਿੱਚ ਬੰਬ ਸੁੱਟਣਾ ਅਤੇ ਭਗਤ ਸਿੰਘ ਦੇ ਹੱਥ ਵਿਚ ਪਿਸਤੌਲ ਵਾਲੀ ਫੋਟੋ ਦਿਖਾਉਣ ਵਾਲਾ ਪ੍ਰਚਾਰ ਹਕੂਮਤ ਵੱਲੋਂ ਕੀਤਾ ਜਾ ਰਿਹਾ ਹੈ ਪਰ ਭਗਤ ਸਿੰਘ ਦਾ ਮਕਸਦ ਸਿਰਫ ਕਿਸਾਨਾ, ਮਜ਼ਦੂਰਾਂ ਦੀ ਭੁਗਤ ਦਾ ਰਾਜ ਸਿਰਜਣਾ,ਮਨੁੱਖ ਦੀ ਮਨੁੱਖ ਹੱਥੋਂ ਲੁੱਟ ਨੂੰ ਖਤਮ ਕਰਨਾ ਸੀ।ਨਾਲ ਹੀ ਉਨ੍ਹਾਂ ਕਿਹਾ ਜੇਲ੍ਹ ਵਾਲਾ ਸਮਾਂ ਭਗਤ ਸਿੰਘ ਨੇ ਅਨੇਕਾਂ ਹੀ ਕਿਤਾਬਾਂ ਪੜ੍ਹਨ ਵੱਲ ਲਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਇਸ ਦੇ ਸਦਕਾ ਹੀ ਉਨ੍ਹਾਂ ਨੇ ਅਨੇਕਾਂ ਵਿਉਂਤਾਂ ਆਉਣ ਵਾਲੇ ਸਮੇਂ ਲਈ ਬਣਾਈਆਂ ਸਨ ਤੇ ਲੈਨਿਨ ਦੀ ਕਿਤਾਬ ਦਾ ਵਰਕਾ ਮੋੜ ਕੇ ਆਉਣ ਵਾਲੀ ਪੀੜ੍ਹੀ ਲਈ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਦਾ ਸੁਨੇਹਾ ਦਿੱਤਾ ਸੀ।ਸਟੇਜ ਸੰਚਾਲਨ ਦੀ ਭੂਮਿਕਾ ਮਨਜੀਤ ਸਿੰਘ ਨਿਆਲ ਜ਼ਿਲ੍ਹਾ ਪ੍ਰਧਾਨ ਪਟਿਆਲਾ ਨੇ ਬਾਖੂਬੀ ਨਿਭਾਈ ਅਤੇ ਅਮਰਜੀਤ ਸਿੰਘ ਸੈਦੋਕੇ,ਅਮਰਜੀਤ ਸਿੰਘ ਚੌਂਕੇ, ਚਮਕੌਰ ਸਿੰਘ ਲੱਡੀ,ਜੱਸ ਸਿੰਘ ਗਹਿਲ,ਰਾਮ ਸਿੰਘ ਨਿਰਮਾਣ,ਦਾਰਾ ਸਿੰਘ ਮਲੂਕਾ ਅਤੇ ਸੰਦੀਪ ਸਿੰਘ ਘਰਾਚੋ ਨੇ ਸੰਬੋਧਨ ਕੀਤਾ।