ਰਾਜਵੰਤ ਸਿੰਘ
- ਪਿੰਡਾਂ ਦੇ ਸਰਪੰਚਾਂ ਨੇ ਧਰਨੇ ’ਤੇ ਬੈਠੇ ਕਿਸਾਨ ਆਗੂਆਂ ਨੂੰ ਸੌਂਪੀਆਂ ਮਤਿਆਂ ਦੀਆਂ ਕਾਪੀਆਂ
ਸ੍ਰੀ ਮੁਕਤਸਰ ਸਾਹਿਬ, 8 ਅਕਤੂਬਰ 2020 - ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀਆਂ ਪੰਚਾਇਤਾਂ ’ਚੋਂ ਅੱਜ ਵੱਡੀ ਗਿਣਤੀ ’ਚ ਪੰਚਾਇਤਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਗ੍ਰਾਮ ਸਭਾਵਾਂ ਵਿੱਚ ਪਾਏ ਗਏ ਮਤੇ ਕਿਸਾਨ ਯੂਨੀਅਨ ਨੂੰ ਸੌਂਪੇ। ਵਰਣਨਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਗ੍ਰਾਮ ਸਭਾਵਾਂ ਵਿੱਚ ਮਤੇ ਪਾਏ ਜਾ ਰਹੇ ਹਨ। ਇਸ ਤਹਿਤ ਸ੍ਰੀ ਮੁਕਤਸਰ ਸਾਹਿਬ ਹਲਕੇ ਨਾਲ ਸਬੰਧਿਤ ਸਰਪੰਚਾਂ ਵੱਲੋਂ ਸਾਂਝੇ ਤੌਰ ’ਤੇ ਇਹ ਫੈਸਲਾ ਲਿਆ ਗਿਆ ਸੀ ਕਿ ਹਲਕੇ ਦੀਆਂ ਪੰਚਾਇਤਾਂ ਵੱਡੇ ਪੱਧਰ ’ਤੇ ਗ੍ਰਾਮ ਸਭਾਵਾਂ ਬੁਲਾ ਕੇ ਖੇਤੀ ਕਾਨੂੰਨਾਂ ਵਿਰੁੱਧ ਮਤੇ ਪਾਉਣਗੀਆਂ ਅਤੇ ਇਹ ਮਤੇ ਕਿਸਾਨ ਯੂਨੀਅਨਾਂ ਰਾਹੀਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਦਿੱਤੇ ਜਾਣਗੇ ਤਾਂ ਜੋ ਗ੍ਰਾਮ ਸਭਾਵਾਂ ਵੱਲੋਂ ਪਾਏ ਮਤੇ ਰਾਸ਼ਟਰਪਤੀ ਨੂੰ ਭੇਜੇ ਜਾਣ।
ਅੱਜ ਕਰੀਬ 35 ਪਿੰਡਾਂ ਦੇ ਸਰਪੰਚ ਗ੍ਰਾਮ ਸਭਾਵਾਂ ਵੱਲੋਂ ਪਾਏ ਗਏ ਮਤਿਆਂ ਸਮੇਤ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਇਕੱਤਰ ਹੋਏ। ਇਸ ਉਪਰੰਤ ਸਮੂਹ ਸਰਪੰਚ ਨਾਅਰੇਬਾਜ਼ੀ ਕਰਦੇ ਹੋਏ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਰੇਲ ਟ੍ਰੈਕ ’ਤੇ ਬੈਠੇ ਕਿਸਾਨਾਂ ਕੋਲ ਪੁੱਜੇ ਅਤੇ ਪੰਚਾਇਤਾਂ ਵੱਲੋਂ ਗ੍ਰਾਮ ਸਭਾਵਾਂ ਵਿੱਚ ਪਾਏ ਗਏ ਮਤਿਆਂ ਦੀਆਂ ਕਾਪੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਸੌਂਪੀਆਂ।
ਕਿਸਾਨ ਯੂਨੀਅਨ ਵੱਲੋਂ ਇਹ ਕਾਪੀਆਂ ਪ੍ਰਸਾਸ਼ਨ ਵੱਲੋਂ ਲਗਾਏ ਗਏ ਡਿਊਟੀ ਮੈਜਿਸਟ੍ਰੇਟ ਨੂੰ ਸੌਂਪ ਦਿੱਤੀਆਂ ਗਈਆਂ ਤਾਂ ਜੋ ਪ੍ਰਸ਼ਾਸਨ ਦੇ ਜ਼ਰੀਏ ਇਹ ਗ੍ਰਾਮ ਸਭਾਵਾਂ ਦੇ ਮਤੇ ਰਾਸ਼ਟਰਪਤੀ ਤੱਕ ਭੇਜੇ ਜਾ ਸਕਣ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਕਰਨਬੀਰ ਸਿੰਘ ਬਰਾੜ ਸਰਪੰਚ ਸਰਾਏਨਾਗਾ ਨੇ ਕਿਹਾ ਕਿ ਹਲਕੇ ਦੇ ਸਰਪੰਚਾਂ ਵੱਲੋਂ ਆਪਣੇ ਪੱਧਰ ’ਤੇ ਗ੍ਰਾਮ ਸਭਾਵਾਂ ਵਿੱਚ ਮਤੇ ਪਾ ਕੇ ਕਿਸਾਨ ਯੂਨੀਅਨ ਨੂੰ ਸੌਂਪਣ ਦਾ ਫੈਸਲਾ ਲਿਆ ਗਿਆ ਸੀ, ਜਿਸ ਤਹਿਤ ਅੱਜ ਇਹ ਮਤੇ ਕਿਸਾਨ ਯੂਨੀਅਨ ਨੂੰ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਸਭ ਨੂੰ ਇੱਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਸੰਘਰਸ਼ ਵਿੱਚ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਸ਼ਰਨਜੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਬੋਹੜ ਸਿੰਘ ਜਟਾਣਾ, ਮੋਹਨ ਸਿੰਘ, ਹਰਪਾਲ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ’ਤੇ ਪਿੰਡਾਂ ਦੇ ਸਰਪੰਚ ਹਾਜ਼ਰ ਸਨ।