ਰਾਜਵੰਤ ਸਿੰਘ
- ਹਰਿਆਣਾ ’ਚ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਵਿਰੁੱਧ ਚੱਕਾ ਜਾਮ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ 2020-ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚੋਂ ਪਾਸ ਕੀਤੇ ਗਏੇ 3 ਖੇਤੀ ਕਾਨੂੰਨਾਂ ਸਬੰਧੀ ਕਿਸਾਨਾਂ ਵੱਲੋਂ ਲਗਾਤਾਰ ਰੋਸ ਜਾਰੀ ਹੈ। ਇਸ ਸਬੰਧ ਵਿੱਚ ਜਿੱਥੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਰੇਲ ਟ੍ਰੈਕਾਂ ’ਤੇ ਧਰਨੇ ਲਗਾਏ ਗਏ ਹਨ, ਉਥੇ ਹੀ ਬੀਤੇ ਦਿਨੀਂ ਹਰਿਆਣਾ ’ਚ ਵੀ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਹਰਿਆਣਾ ਪੁਲਸ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਵਿਰੁੱਧ ਅੱਜ 12 ਤੋਂ 3 ਵਜੇ ਤੱਕ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਰੋਡ ਜਾਮ ਦੇ ਸੱਦੇ ’ਤੇ ਸਥਾਨਕ ਕੋਟਕਪੂਰਾ ਰੋਡ ’ਤੇ ਪਿੰਡ ਉਦੇਕਰਨ ਨੇੜੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ਼ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਤੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾ ਦੇ ਅਵਾਜ਼ ਨੂੰ ਦਬਾਉਣ ਲਈ ਹਰ ਸੰਭਵ ਕੋਸਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਆਗੂਆਂ ਨੂੰ ਬੁਲਾ ਕੇ ਬਿੱਲਾਂ ਬਾਰੇ ਸਮਝਾਉਣ ਦੀ ਗੱਲ ਵੀ ਆਖੀ ਗਈ ਹੈ, ਪਰ ਹੁਣ ਕਿਸਾਨ ਅਨਪੜ੍ਹ ਨਹੀਂ ਰਿਹਾ, ਕਿਸਾਨੀ ਨਾਲ ਜੁੜੇ ਪੜ੍ਹੇ ਲਿਖੇ ਨੌਜਵਾਨ ਭਲੀ ਭਾਂਤੀ ਜਾਣਦੇ ਹਨ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਜਦੋਂ ਤੱਕ ਇਨ੍ਹਾਂ ਬਿੱਲਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਹ ਸੰਘਰਸ਼ ਜਾਰੀ ਰੱਖਣਗੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਕਿਸਾਨਾਂ ਦੇ ਇਨ੍ਹਾਂ ਧਰਨਿਆਂ ਨੂੰ ਅਣਗੋਲਿਆ ਕੀਤਾ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਹੋ ਜਾਣਗੇ ਤੇ ਜੇਕਰ ਲੋੜ ਪਈ ਤਾਂ ਉਹ ਦਿੱਲੀ ਵੱਲ ਕੂਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।