ਅਸ਼ੋਕ ਵਰਮਾ
- ਰੇਲਾਂ ਜਾਮ ਤੇ ਪੰੰਜਾਬ ਬੰਦ ਸਫ਼ਲ ਬਣਾਉਣ ਦਾ ਸੱਦਾ
ਬਠਿੰਡਾ, 22 ਸਤੰਬਰ 2020 - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਬਾਦਲਾਂ ਦੇ ਘਰ ਅੱਗੇ ਅੱਠ ਦਿਨਾਂ ਤੋਂ ਚੱਲ ਰਿਹਾ ਮੋਰਚਾ 24 ਤੋਂ 26 ਸਤੰਬਰ ਤੱਕ ਮਾਲਵੇ ’ਚ ਰੇਲਾਂ ਜਾਮ ਕਰਨ ਅਤੇ 25 ਨੂੰ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਦੇ ਐਲਾਨ ਨਾਲ ਸਮਾਪਤ ਕਰ ਦਿੱਤਾ ਹੈ। ਯੂਨੀਅਨ ਦੀ ਕਾਰਜਕਾਰੀ ਸੂਬਾ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਆਪਣੇ ਸੰਬੋਧਨ ਦੌਰਾਨ ਇਕੱਠ ਨੂੰ ਰੇਲਾਂ ਜਾਮ ਕਰਨ ਤੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕਰਨ ਦਾ ਸੱਦਾ ਦਿੱਤਾ। ਉਹਨਾਂ ਪੰਜਾਬ ਬੰਦ ਦੀ ਸਫ਼ਲਤਾ ਲਈ ਸ਼ਹਿਰੀ ਲੋਕਾਂ ਨੂੰ ਬੰਦ ’ਚ ਸ਼ਾਮਲ ਹੋਣ ਦੀ ਅਪੀਲ ਕਰਨ ਲਈ 24 ਸਤੰਬਰ ਨੂੰ ਰੇਲਾਂ ਜਾਮ ਕਰਨ ਦੇ ਨਾਲ-ਨਾਲ ਸ਼ਹਿਰਾਂ ਤੇ ਕਸਬਿਆਂ ’ਚ ਵਿਸ਼ਾਲ ਮੁਜ਼ਾਹਰੇ ਕਰਨ ਦਾ ਵੀ ਐਲਾਨ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਮਜ਼ਦੂਰਾਂ ਦੀਆਂ ਪੰਜ ਜਥੇਬੰਦੀਆਂ ’ਤੇ ਅਧਾਰਿਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 25 ਸਤੰਬਰ ਦੇ ਬੰਦ ਦੀ ਹਮਾਇਤ ਕਰਦਿਆਂ ਇਸ ਦਿਨ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜਕੇ ਬੰਦ ਨੂੰ ਸਫ਼ਲ ਬਣਾਉਣ ’ਚ ਮਜ਼ਦੂਰਾਂ ਵੱਲੋਂ ਹਿੱਸਾ ਪਾਉਣ ਦਾ ਐਲਾਨ ਕੀਤਾ ਗਿਆ। ਮਹਿਲਾ ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਨੇ ਨੌਜਵਾਨਾਂ ਨੂੰ 28 ਸਤੰਬਰ ਨੂੰ ਜ਼ਿਲਾ ਪੱਧਰੀ ਸਮਾਗਮ ਕਰਕੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੀ ਅਪੀਲ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਲੁੱਟ ਜਬਰ ਤੋਂ ਮੁਕਤ ਤੇ ਬਰਾਬਰੀ ਵਾਲੇ ਵਿਚਾਰਾਂ ਨੂੰ ਗ੍ਰਹਿਣ ਕਰਨ ਦਾ ਸੱਦਾ ਦਿੱਤਾ।
ਧਰਨੇ ਨੂੰ ਮਹਿਲਾ ਕਿਸਾਨ ਆਗੂ ਹਰਪ੍ਰੀਤ ਕੌਰ ਜੇਠੂਕੇ ਤੋਂ ਇਲਾਵਾ ਮਾਲਣ ਕੌਰ ਕੋਠਾਗੁਰੂ, ਬਸੰਤ ਸਿੰਘ ਕੋਠਾਗੂਰੁ, ਕੁਲਵੰਤ ਰਾਏ, ਗੁਰਭਗਤ ਸਿੰਘ ਭਲਾਈਆਣਾ, ਰਾਮ ਸਿੰਘ ਭੈਣੀਬਾਘਾ, ਅਮਰਜੀਤ ਸਿੰਘ ਸੈਦੋਕੇ, ਭਾਗ ਸਿੰਘ ਮਰਖਾਈ, ਜੋਗਿੰਦਰ ਸਿੰਘ ਦਿਆਲਪੁਰਾ, ਪੂਰਨ ਸਿੰਘ ਦੋਦਾ, ਚਮਕੌਰ ਸਿੰਘ ਨੈਣੇਵਾਲਾ, ਬਲੌਰ ਸਿੰਘ ਛੰਨਾ, ਗੁਰਬਿੰਦਰ ਸਿੰਘ ਜ਼ਿਲਾ ਪ੍ਰਧਾਨ ਫਾਜਿਲਕਾ, ਹਰਪ੍ਰੀਤ ਸਿੰਘ ਦਲ ਜ਼ਿਲਾ ਫਰੀਦਕੋਟ, ਰਾਮ ਸਿੰਘ ਕੋਟਗੁਰੂ, ਰਾਜਵਿੰਦਰ ਸਿੰਘ ਰਾਜੂ ਰਾਮਨਗਰ, ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਅਮੀਤੋਜ ਸਿੰਘ ਮੋੜ, ਗੀਤਕਾਰ ਅਜਮੇਰ ਸਿੰਘ ਅਕਲੀਆ, ਨਿਰਮਲ ਸਿੰਘ ਸਿਵੀਆ, ਅਮਿ੍ਰਤਪਾਲ ਬਠਿੰਡਾ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਭਾਜਪਾ ਤੇ ਆਰ.ਐਸ.ਐਸ. ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਭਨਾਂ ਜਮਹੂਰੀ ਕਦਰਾਂ-ਕੀਮਤਾਂ ਨੂੰ ਪੈਰਾਂ ਹੇਠ ਰੋਲ ਕੇ ਖੇਤੀ ਕਾਨੂੰਨ ਪਾਸ ਕਰਾਉਣ ਰਾਹੀਂ ਆਪਣੇ ਤਾਨਾਸ਼ਾਹ ਹੋਣ ਦਾ ਸਬੂਤ ਦੇ ਦਿੱਤਾ ਹੈ।
ਉਹਨਾਂ ਆਖਿਆ ਕਿ ਭਾਵੇਂ ਸੰਨ ਸੰਤਾਲੀ ਦੀ ਸੱਤਾ ਬਦਲੀ ਤੋਂ ਬਾਅਦ ਕਾਂਗਰਸ ਸਮੇਤ ਹਰ ਸਰਕਾਰ ਨੇ ਹੀ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਲਾਗੂ ਕੀਤੀਆਂ ਹਨ ਪਰ ਮੋਦੀ ਸਰਕਾਰ ਕਿਸਾਨੀ ਕਿੱਤੇ ਨੂੰ ਪੂੂਰੀ ਤਰਾਂ ਤਬਾਹ ਕਰਨ ਤੇ ਉੱਤਰ ਆਈ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਸਾਮਰਾਜੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਕਿਸਾਨਾਂ ਨੂੰ ਜ਼ਮੀਨ ਤੋਂ ਵਿਰਵੇ ਕਰਨ ਤੋਂ ਇਲਾਵਾ ਸਿਹਤ, ਸਿੱਖਿਆ, ਬਿਜਲੀ, ਰੇਲਵੇਂ, ਹਵਾਬਾਜ਼ੀ ਅਤੇ ਖਾਣਾ ਸਮੇਤ ਦੇਸ਼ ਦੇ ਸਭ ਅਮੀਰ ਤੇ ਕੁਦਰਤੀ ਸਰੋਤ ਸਾਮਰਾਜੀਆਂ ਕੋਲ ਵੇਚਣ ਰਾਹੀਂ ਸਮੁੱਚੇ ਮੁਲਕ ਨੂੰ ਸੇਲ ’ਤੇ ਲਾ ਦਿੱਤਾ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਨੇ ਖੇਤੀ ਨਾਲ ਸਬੰਧਤ ਪਾਸ ਕੀਤੇ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ ਰਾਹੀਂ ਖੇਤੀ ਨੂੰ ਉਜਾੜਨ ਤੇ ਬਿਜਲੀ ਦੇ ਮੁਕੰਮਲ ਨਿੱਜੀਕਰਨ ਦੇ ਕਦਮ ਲੈ ਲਏ ਹਨ ।
ਆਗੂਆਂ ਨੇ ਆਖਿਆ ਇਸ ਨਾਲ ਕਾਲਾਬਾਜ਼ਾਰੀ ਤੇ ਮਹਿੰਗਾਈ ਵਧਣ ਨਾਲ ਛੋਟੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਸਮੇਤ ਸਮੂਹ ਕਿਰਤੀ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਉਹਨਾਂ ਮੋਦੀ ਸਰਕਾਰ ਉੱਤੇ ਦੇਸ਼ ’ਚ ਭਗਵਾਂਕਰਨ ਦੀ ਨੀਤੀ ਲਾਗੂ ਕਰਨ ਲਈ ਲੋਕਾਂ ਦੀ ਜੁਬਾਨ ਬੰਦੀ ਦੇ ਦੋਸ਼ ਲਾਉਦਿਆਂ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ ਨੂੰ ਰਿਹਾਅ ਕਰਨ, ਪਾਸ ਕੀਤੇ ਖੇਤੀ ਤੇ ਲੋਕ ਵਿਰੋਧੀ ਕਾਨੂੰਨ ਵਾਪਸ ਲੈਣ, ਮਾਈਕ੍ਰੋਫਾਈਨਾਂਸ ਕੰਪਨੀਆਂ ਦੇ ਕਰਜ਼ੇ ਸਮੇਤ ਕਿਸਾਨਾਂ ਮਜ਼ਦੂਰਾਂ ਸਿਰ ਚੜੇ ਸਮੁੱਚੇ ਕਰਜ਼ੇ ਖ਼ਤਮ ਕਰਨ ਦੀ ਮੰਗ ਕਰਦਿਆਂ ਇਹਨਾਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਬੁਲਾਰਿਆਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਸਾਥ ਦੇਣ।