ਲੋਕੇਸ਼ ਰਿਸ਼ੀ
- ਗੁਰਦਾਸਪੁਰ ਵਿਖੇ ਕਾਂਗਰਸੀਆਂ ਨੇ ਕੀਤੀ ਕਿਸਾਨਾਂ ਦੇ ਹੱਕ ਵਿੱਚ ਰੈਲੀ
ਗੁਰਦਾਸਪੁਰ, 29 ਅਕਤੂਬਰ 2020 - ਕਾਂਗਰਸ ਪਾਰਟੀ ਵੱਲੋਂ ਗੁਰਦਾਸਪੁਰ ਸ਼ਹਿਰ ਵਿਖੇ ਕਿਸਾਨਾਂ ਦੇ ਹੱਕ ਵਿੱਚ ਇੱਕ ਵਿਸ਼ੇਸ਼ ਰੈਲੀ ਕੀਤੀ ਗਈ। ਜਿਸ ਵਿੱਚ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸਾਬਕਾ ਐਮ.ਪੀ ਸੁਨੀਲ ਜਾਖੜ ਦੇ ਨਾਲ ਨਾਲ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਸਮੇਤ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਸਮੂਹ ਵੱਡੇ ਅਤੇ ਛੋਟੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ।
ਇਸ ਰੈਲੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਜਾਖੜ ਨੇ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਉੱਥੇ ਹੀ ਦੂਜੇ ਪਾਸੇ ਸਥਾਨਕ ਮੈਂਬਰ ਪਾਰਲੀਮੈਂਟ ਸੰਨ੍ਹੀ ਦਿਉਲ ਦੇ ਨਾਲ ਨਾਲ ਕੇਂਦਰ ਦੀ ਭਾਜਪਾ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਜਮ ਕੇ ਸ਼ਬਦੀ ਤੀਰ ਵਿੰਨ੍ਹੇ।
ਇਸੇ ਦੌਰਾਨ ਜਾਖੜ ਨੇ ਫ਼ਿਲਮੀ ਕਲਾਕਾਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਐਮ.ਪੀ ਸੰਨੀ ਦਿਉਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ। ਕਿ ਹੁਣ ਇਕੱਲਾ ਨਲਕਾ ਪੁੱਟਣ ਨਾਲ ਨਹੀਂ ਸਰਨਾ ਕਿਉਂ ਕਿ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਨਾਲ ਪੰਜਾਬ ਦੇ ਕਿਸਾਨ ਵੀ ਸੰਨੀ ਦਿਉਲ ਦੀ ਅਸਲੀਅਤ ਨੂੰ ਚੰਗੀ ਤਰਾਂ ਜਾਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪੂਰੇ ਪੰਜਾਬ ਦਾ ਕਿਸਾਨ ਸੰਨੀ ਦਿਉਲ ਦੇ ਢਾਈ ਕੋਲੇ ਦੇ ਹੱਥ ਦਾ ਭਾਰ ਝੱਲਣ ਲਈ ਮਜਬੂਰ ਵਿਖਾਈ ਦੇ ਰਹੇ ਹਨ। ਕਿਉਂ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਨੂੰ ਪਾਸ ਕਰਵਾਉਣ ਵਿੱਚ ਸੰਨ੍ਹੀ ਦਿਉਲ ਦਾ ਵੋਟ ਵੀ ਸ਼ਾਮਿਲ ਸੀ।
ਉੱਥੇ ਦੂਜੇ ਪਾਸੇ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼ਬਦੀ ਵਾਰ ਕਰਦਿਆਂ ਕਿਹਾ। ਕਿ ਬੀਤੇ ਸਮੇਂ ਦੌਰਾਨ ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀ ਹੀ ਦੇਣ ਹੈ ਕਿ ਅੱਜ ਕੇਂਦਰ ਸਰਕਾਰ ਐਫ.ਸੀ.ਆਈ ਨੂੰ ਵੀ ਕਰੱਪਸ਼ਨ ਕਾਰਨ ਬੰਦ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ 10 ਸਾਲਾਂ ਦੌਰਾਨ ਜਦੋਂ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ਼ ਮਨਿਸਟਰ ਸੰਨ। ਉਸੇ ਦੌਰਾਨ ਉਨ੍ਹਾਂ ਦੀ ਸਰਕਾਰ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖ਼ੁਰਾਕ ਸਪਲਾਈ ਮੰਤਰੀ ਸਨ ਅਤੇ ਉਨ੍ਹਾਂ ਨੇ 10 ਸਾਲਾਂ 'ਚ ਫੂਡ ਸਪਲਾਈ ਵਿਭਾਗ ਵਿੱਚ 31 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਸੀ।
ਜਾਖੜ ਨੇ ਕਿਹਾ ਕਿ ਅੱਜ ਹੀ ਕੇਂਦਰ ਸਰਕਾਰ ਦੇ ਇੱਕ ਵੱਡੇ ਮੰਤਰੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ 1100 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਬਾਰੇ ਗੱਲ ਕੀਤੀ ਗਈ ਹੈ। ਪਰ ਜੇਕਰ ਕੇਂਦਰ ਸਰਕਾਰ ਨੇ ਜਾਂਚ ਹੀ ਕਰਨੀ ਹੈ ਤਾਂ ਅਜਿਹੇ ਛੋਟੇ ਮੋਟੇ ਘਪਲਿਆਂ ਦੇ ਪਿੱਛੇ ਜਾਂਚ ਦੀ ਬਜਾਏ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਆਪਣੇ ਕਾਰਜ ਕਾਲ ਦੌਰਾਨ ਐਫ.ਸੀ.ਆਈ ਅੰਦਰ ਕੀਤੇ ਗਏ 31 ਹਜ਼ਾਰ ਕਰੋੜ ਰੁਪਏ ਦੇ ਘਪਲੇ ਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ। ਕਿਉਂ ਕਿ ਅਜਿਹੇ ਘਪਲਿਆਂ ਕਾਰਨ ਹੀ ਐਫ.ਸੀ.ਆਈ ਅੰਦਰ ਕਰੱਪਸ਼ਨ ਹੋਣ ਕਾਰਨ ਹੀ ਉਸ ਨੂੰ ਬੰਦ ਕੀਤਾ ਜਾ ਰਿਹਾ ਹੈ।
ਅਖੀਰ ਵਿੱਚ ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵੱਲੋਂ ਪੰਜਾਬ ਨਾਲ ਹਮੇਸ਼ਾ ਧਰੋਹ ਕੀਤਾ ਗਿਆ ਹੈ। ਕਿਉਂ ਕਿ ਜਿਸ ਸਮੇਂ ਸੂਬੇ ਅੰਦਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ। ਉਸ ਵੇਲੇ ਵੀ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦਾ ਕੰਮ ਕੀਤਾ ਅਤੇ ਹੁਣ ਜਦੋਂ ਕਿ ਭਾਵੇਂ ਅਕਾਲੀ ਦਲ ਅਤੇ ਭਾਜਪਾ ਦਾ ਆਪਸੀ ਗੱਠ ਜੋੜ ਵਿਖਾਵੇ ਲਈ ਟੁੱਟ ਚੁੱਕਾ ਹੈ। ਤਾਂ ਕੇਂਦਰ ਵਿੱਚ ਬੈਠੀ ਭਾਜਪਾ ਦੀ ਸਰਕਾਰ ਸਰਹੱਦੀ ਖੇਤਰ ਦੇ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ਦਾ ਗਲ਼ਾ ਘੁੱਟਣ ਦਾ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਕਾਰਨ ਪੰਜਾਬ ਦੇ ਹਰੇਕ ਵਿਅਕਤੀ ਦੇ ਮੱਥੇ ਉੱਪਰ ਚਿੰਤਾ ਦੀਆਂ ਲਕੀਰਾਂ ਸਾਫ਼ ਤੌਰ ਤੇ ਵਿਖਾਈ ਦੇ ਰਹੀਆਂ ਹਨ। ਉਹ ਭਾਵੇਂ ਕਿਸਾਨ ਹੋਵੇ, ਮਜ਼ਦੂਰ ਜਾਂ ਆਮ ਵਿਅਕਤੀ ਹੀ ਕਿਉਂ ਨਾ ਹੋਵੇ। ਹਰੇਕ ਵਰਗ ਦਾ ਵਿਅਕਤੀ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਰਵੱਈਏ ਵਾਲੀ ਨੀਤੀ ਤੋਂ ਤੰਗ ਵਿਖਾਈ ਦੇ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੀ ਰਹੀ ਹੈ ਅਤੇ ਅੱਗੋਂ ਵੀ ਲੜਦੀ ਰਹੇਗੀ।