ਨਵੀਂ ਦਿੱਲੀ, 11 ਨਵੰਬਰ 2020 - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਰੇਲਵੇ ਟ੍ਰੇਕ ਵੀ ਜਾਮ ਕੀਤੇ ਹੋਏ ਹਨ ਜਿਸ ਕਾਰਨ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋਇਆ ਹੈ। ਜਿਸ ਨੂੰ ਦੇਖਦੇ ਹੋਏ ਗੁਰਦਾਸਪੁਰ ਦੇ ਐਮ ਪੀ ਸੰਨੀ ਦਿਓਲ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਕਿਸਾਨਾਂ ਦੇ ਨਾਂਅ ਟਵੀਟ ਕੀਤਾ ਹੈ। ਜਿਸ 'ਚ ਉਸ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਵਿਭਾਗ ਦੇ ਅਨੁਸਾਰ ਰੇਲਵੇ ਟ੍ਰੈਕ ਖਾਲੀ ਕਰ ਦੇਣ ਤਾਂ ਜੋ ਮੁੜ ਤੋਂ ਰੇਲ ਸੇਵਾਂ ਚਾਲੂ ਹੋ ਸਕੇ ਅਤੇ ਪੰਜਾਬ ਦਾ ਜ਼ਿਆਦਾ ਆਰਥਿਕ ਨੁਕਸਾਨ ਨਾ ਹੋਵੇ। ਕਿਉਂਕਿ ਰੇਲਾਂ ਬੰਦ ਹੋਣ ਨਾਲ ਕਿਸਾਨਾਂ ਤੋਂ ਬਿਨਾਂ ਵਪਾਰੀ ਵਰਗ ਅਤੇ ਦੂਰ ਦੁਰਾਢੇ ਰਹਿਣ ਵਾਲੇ ਪ੍ਰਦੇਸ਼ੀ ਵੀ ਪ੍ਰਭਾਵਿਤ ਹੋਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਿਹਾ ਹੈ ਕਿ ਅੰਦੋਲਨ ਕਰਨਾ ਆਮ ਲੋਕਾਂ ਦਾ ਹੱਕ ਹੈ ਪਰ ਨਾਲ ਹੀ ਉਸ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਜ਼ਿੰਮੇਵਾਰੀ ਵੀ ਹੈ ਕਿ ਇਸ ਨਾਲ ਕੋਈ ਵੀ ਆਮ ਨਾਗਰਿਕ ਪ੍ਰਭਾਵਿਤ ਨਾ ਹੋਵੇ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਪਾਸ ਕੀਤੇ ਹਨ ਉਦੋਂ ਤੋਂ ਹੀ ਪੰਜਾਬ ਦੇ ਕਿਸਾਨ ਰੋਹ ਵਿੱਚ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਰੇਲਵੇ ਟ੍ਰੈਕਾਂ 'ਤੇ ਧਰਨੇ ਦਿੱਤੇ ਜਾ ਰਹੇ ਸਨ ਪਰ ਬਾਅਦ 'ਚ ਕਿਸਾਨ ਮਾਲ ਗੱਡੀਆਂ ਨੂੰ ਲੰਘਾਉਣ ਲਈ ਰਾਜੀ ਹੋ ਗਏ ਸਨ ਪਰ ਫਿਰ ਰੇਲਵੇ ਵਿਭਾਗ ਵੱਲੋਂ ਇਕੱਲੀਆਂ ਮਾਲ ਗੱਡੀਆਂ ਲੰਘਾਉਣ ਤੋਂ ਮਨਾਂ ਕਰ ਦਿੱਤਾ ਗਿਆ ਸੀ। ਕਿਸਾਨਾਂ ਦੇ ਅੰਦੋਲਨ ਦੇ ਕਾਰਨ ਵਪਾਰੀ, ਯਾਤਰੀ ਅਤੇ ਹਰ ਆਮ ਨਾਗਰਿਕ ਪ੍ਰਭਾਵਿਤ ਹੋਇਆ ਹੈ ਅਤੇ ਸਰਕਾਰ ਨੂੰ ਵੀ ਰੋਜ਼ਾਨਾਂ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ।
ਟਵੀਟ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/iamsunnydeol/status/1326514377269207040
ਪੜ੍ਹੋ ਸੰਨੀ ਦਿਓਲ ਦਾ ਪੂਰਾ ਪੱਤਰ :
ਮਾਣਯੋਗ ਕੈਪਟਨ ਅਮਰਿੰਦਰ ਜੀ, ਮਿਤਿ – 10-11-2020
ਸਤਿ ਸ਼੍ਰੀ ਅਕਾਲ
ਪੰਜਾਬ ਵਿਚ ਲੱਗਭੱਗ 50 ਦਿਨਾਂ ਤੋਂ ਅੰਦੋਲਨ ਚੱÎਲ ਰਿਹਾ ਹੈ ਅਤੇ ਰੇਲ ਰੋਕੋ ਸਮੇਤ ਕਈ ਥਾਵਾਂ 'ਤੇ ਸੜਕ ਆਵਾਜਾਈ ਵੀ ਠੱਪ ਹੈ। ਇਸਦਾ ਬੁਰਾ ਅਸਰ ਸੂਬੇ ਦੇ ਵੱਪਾਰ-ਕਾਰੋਬਾਰ, ਕਿਸਾਨ, ਆਮ ਲੋਕਾਂ ਅਤੇ ਸੂਬਾ ਸਰਕਾਰ ਦੀ ਕਮਾਈ 'ਤੇ ਪੈ ਰਿਹਾ ਹੈ। ਸੂਬੇ ਦੀ ਮਾਲੀ ਹਾਲਤ ਬੁਰੀ ਤਰਾਂ ਨਾਲ ਚਰਮਰਾ ਗਈ ਹੈ। ਵੱਪਾਰ, ਕਾਰੋਬਾਰ, ਉਦਯੋਗ ਦੇ ਨਾਲ ਨਾਲ ਐਕਸਪੋਰਟ ਕਾਰੋਬਾਰ ਵੀ ਖਤਮ ਹੋਣ 'ਤੇ ਕਗਾਰ 'ਤੇ ਹੈ।
ਵੂਲੇਨ ਇੰਡਸਟਰੀ, ਸਪੋਰਟਸ ਇੰਡਸਟਰੀ, ਆਟੋ-ਪਾਰਟਸ ਇੰਡਸਟਰੀ, ਸਾਈਕਿਲ ਇੰਡਸਟਰੀ, ਟੈਕਸਟਾਈਲ ਇੰਡਸਟਰੀ ਅਤੇ ਲੋਹਾ-ਇਸਪਾਤ ਉਦਯੋਗ ਆਦਿ ਦਾ ਬੁਰਾ ਹਾਲ ਹੈ, ਕਿਉਂਕਿ ਕੱਚਾ ਮਾਲ ਆ ਨਹੀਂ ਰਿਹਾ ਅਤੇ ਕਰੋੜਾਂ ਦਾ ਤਿਆਰ ਮਾਲ ਫੈਕਟਰੀਆਂ ਵਿੱਚ ਪਿਆ ਹੈ। ਲੁਧਿਆਣਾ ਦੇ ਡਰਾਈਪੋਰਟ ਵਿੱਚ 10 ਤੋਂ 15 ਹਜ਼ਾਰ ਕੰਟੇਨਰ ਫਸੇ ਪਏ ਹਨ।
ਕੋਰੋਨਾ ਦੀ ਮਾਰ ਝੇਲ ਰਹੇ ਪੰਜਾਬ ਭਰ ਦੇ ਦੁਕਾਨਦਾਰ, ਵਪਾਰੀ, ਰੇਹੜੀ-ਫੜੀ ਵਾਲੇ ਆਦਿ ਨੂੰ ਦੀਵਾਲੀ, ਧਨਤੇਰਸ, ਕਰਵਾ ਚੌਥ ਅਤੇ ਗੁਰਪੁਰਬ ਆਦਿ ਤਿਊਹਾਰਾਂ ਦੇ ਸੀਜਨ ਵਿੱਚ ਉਭਰਨ ਦੀ ਉਮੀਦ ਸੀ, ਉਹ ਵੀ ਰੇਲ ਰੋਕਾਂ ਅੰਦੋਲਨ ਦੇ ਕਾਰਨ ਟੁੱਟ ਗਈ ।
ਖੁੱਦ ਕਿਸਾਨ ਵੀਰਾਂ 'ਤੇ ਵੀ ਇਸਦਾ ਬੁਰਾ ਅਸਰ ਪੈ ਰਿਹਾ ਹੈ, ਕਿਉਂਕਿ ਕਣਕ ਦੇ ਨਾਲ ਆਲੂ, ਪਿਆਜ ਅਤੇ ਲਹੁਸਨ ਦੀ ਬਿਜਾਈ ਲਈ ਜਰੂਰੀ ਯੂਰਿਆ ਅਤੇ ਡੀਏਪੀ ਵੀ ਨਹੀਂ ਆ ਰਿਹਾ ਹੈ। ਕਣਕ ਦੀ ਅਗੇਤੀ ਬਿਜਾਈ 15 ਨਵੰਬਰ ਤੱਕ ਹੁੰਦੀ ਹੈ, ਇਸ ਤੋਂ ਲੇਟ ਹੋਈ ਤਾਂ ਕਣਕ ਦੀ ਪ੍ਰਤੀ ਏਕੜ ਫਸਲ 2 ਤੋਂ 4 ਕੁਵਿੰਟਲ ਘੱਟ ਹੋ ਜਾਵੇਗੀ। ਕੁੱਝ ਦਿਨਾਂ ਵਿੱਚ ਕੋਹਰਾ ਪੈਣਾ ਸ਼ੁਰੂ ਹੋ ਜਾਵੇਗਾ, ਤਾਂ ਆਲੂ ਪਿਆਜ ਅਤੇ ਲਹੁਸਨ ਨੂੰ ਵੀ ਕਿਸਾਨ ਨਹੀਂ ਬੀਜ ਪਾਵੇਗਾ। ਪੰਜਾਬ ਵਿੱਚ 1000 ਤੋਂ ਜ਼ਿਆਦਾ ਕੈਟਲ ਫੀਡ ਅਤੇ ਪੋਲਟਰੀ ਫੀਡ ਦੀਆਂ ਫੈਕਟਰੀਆਂ ਹਨ, ਬਾਜਰਾ, ਮੱਕੇ ਦਾ ਦਾਨਾ, ਸੋਯਾਬੀਨ ਅਤੇ ਬਿਨੌਲਾ ਹੁਣ ਟਰੱਕਾਂ ਰਾਹੀਂ ਆ ਰਿਹਾ ਹੈ, ਜੋ ਕਿ ਕਿਸਾਨਾਂ ਨੂੰ ਮਹਿੰਗਾ ਮਿਲ ਰਿਹਾ ਹੈ । ਝੋਨੇ ਨੂੰ ਚੁੱਕਣ ਲਈ ਜਰੂਰੀ ਬਾਰਦਾਨਾ ਵੀ ਨਹੀਂ ਪਹੁੰਚ ਰਿਹਾ, ਜਿਸਦਾ ਅਸਰ ਝੋਨੇ ਦੀ ਖਰੀਦ ਉੱਤੇ ਪੈ ਰਿਹਾ ਹੈ।
ਪੰਜਾਬ ਸਰਕਾਰ ਦੀ ਜੀਐਸਟੀ/ ਟੈਕਸ ਤੋਂ ਹੋਣ ਵਾਲੀ ਆਮਦਨ ਉੱਤੇ ਵੀ ਬੁਰਾ ਅਸਰ ਪਵੇਗਾ। ਖਰੀਦ ਅਤੇ ਵਿਕਰੀ ਘੱਟ ਹੋਣ ਕਾਰਨ ਪੰਜਾਬ ਸਰਕਾਰ ਨੂੰ ਮਿਲਦੇ ਜੀਐਸਟੀ/ ਟੈਕਸ ਵਿੱਚ ਭਾਰੀ ਗਿਰਾਵਟ ਆਵੇਗੀ ਤਾਂ ਪੰਜਾਬ ਵਿੱਚ ਕਿਸਾਨ ਅੰਦੋਲਨ ਨੂੰ ਹਵਾ ਦੇਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਸੱਮਝੇ ਕਿ ਨੁਕਸਾਨ ਸਾਰੀਆਂ ਦਾ ਹੋ ਰਿਹਾ ਹੈ।
ਦੀਵਾਲੀ, ਕਰਵਾ ਚੌਥ, ਗੁਰਪੂਰਬ 'ਤੇ ਪੰਜਾਬ ਆਪਣੇ ਘਰ ਆਉਣ ਵਾਲੇ ਪੰਜਾਬੀ ਜਿਸ ਵਿੱਚ ਜਿਆਦਾਤਰ ਭਾਰਤੀ ਫੌਜ ਦੇ ਜਵਾਨ ਹੁੰਦੇ ਹਨ, ਪੈਸੇਂਜਰ ਟ੍ਰੇਨ ਬੰਦ ਹੋਣ ਦੇ ਕਾਰਨ ਆ ਨਹੀਂ ਪਾ ਰਹੇ। ਛੱਠ ਪੂਜਾ ਅਤੇ ਹੋਰਨਾਂ ਤਿਊਹਾਰਾਂ ਦੇ ਕਾਰਨ ਬਿਹਾਰ ਅਤੇ ਯੂਪੀ ਨੂੰ ਜਾਣ ਵਾਲੇ ਸਾਡੇ ਪ੍ਰਵਾਸੀ ਨਹੀਂ ਜਾ ਪਾ ਰਹੇ ਹਨ। ਜਿਨ੍ਹਾਂ ਦੇ ਕੋਲ ਕੁੱਝ ਪੈਸੇ ਹਨ ਉਹ ਕਈ ਗੁਣਾ ਜਿਆਦਾ ਕਿਰਾਇਆ ਖਰਚ ਕਰਕੇ ਜਾ ਰਹੇ ਹੈ।
ਅਖੀਰ ਵਿੱਚ ਇੰਨਾ ਹੀ ਕਹਾਂਗਾ ਕਿ ਰੋਸ-ਮੁਜਾਹਰੇ ਅਤੇ ਅੰਦੋਲਨ ਕਰਨ ਦਾ ਹੱਕ ਲੋਕਤੰਤਰ ਦੇ ਤਹਿਤ ਭਾਰਤ ਦੇ ਹਰੇਕ ਵਿਅਕਤੀ ਨੂੰ ਹੈ, ਲੇਕਿਨ ਇਸਦੇ ਕਾਰਨ ਹੋਰ ਵਿਅਕਤੀਆਂ 'ਤੇ ਇਸਦਾ ਮਾੜਾ ਅਸਰ ਨਾ ਪਵੇ, ਉਨ੍ਹਾਂ ਦੇ ਜਨ-ਜੀਵਨ, ਕਮਾਈ ਦੇ ਸਾਧਨ ਅਤੇ ਪੇਸ਼ਾ ਠੱਪ ਨਹੀਂ ਹੋ, ਇਹ ਸੁਨਿਸ਼ਿਚਤ ਕਰਨ ਦੀ ਜ਼ਿੰਮੇਦਾਰੀ ਸੂਬਾ ਸਰਕਾਰ ਦੀ ਹੁੰਦੀ ਹੈ ਅਤੇ ਇਸ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਪੂਰੀ ਤਰਾਂ ਨਾਲ ਅਸਫਲ ਹੋਈ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਕਿਸਾਨਾਂ ਦੇ ਹਿੱਤ ਚਿੰਤਕ ਹਨ। ਸਾਡੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਮੁੱਦੇ ਹੱਲ ਕਰਨ ਦੀ ਨੀਅਤ/ਇੱਛਾ ਰੱਖਦੀ ਹੈ, ਇਸ ਕਾਰਨ ਪਹਿਲਾਂ ਕ੍ਰਿਸ਼ੀ ਅਤੇ ਕਿਸਾਨ ਕਲਿਆਣ ਮੰਤਰਾਲੇ ਦੇ ਸੱਦੇ 'ਤੇ ਅਧਿਕਾਰੀਆਂ ਦੇ ਨਾਲ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਹੋਈ। ਹੁਣ ਪੰਜਾਬ ਭਾਜਪਾ ਦੇ ਯਤਨਾਂ ਸੱਦਕਾ ਕੇਂਦਰੀ ਮੰਤਰੀਆਂ ਅਤੇ ਕਿਸਾਨ ਜੱਥੇਬੰਦੀਆਂ ਦੇ ਵਿਚ ਮੀਟਿੰਗ 13 ਨਵੰਬਰ ਨੂੰ ਦਿੱਲੀ ਵਿਚ ਹੋਣ ਜਾ ਰਹੀ ਹੈ। ਕ੍ਰਿਸ਼ੀ ਮੰਤਰਾਲੇ ਵੱਲੋਂ ਕਿਸਾਨਾਂ ਨੂੰ ਇਸਦਾ ਸੱਦਾ ਭੇਜ ਦਿੱਤਾ ਗਿਆ ਹੈ। ਮੈਨੂੰ ਆਸ ਹੈ ਕਿ ਛੇਤੀ ਹੀ ਸਕਾਰਾਤਮਕ ਹੱਲ ਨਿਕਲੇਗਾ।
ਮੈਂ ਅਤੇ ਤੁਸੀਂ, ਪੰਜਾਬ ਦੇ ਹਿੱਤੇਖੀ ਹਾਂ ਅਤੇ ਆਪਣੇ ਪੰਜਾਬ ਦਾ ਸਰਪੱਖੀ ਵਿਕਾਸ ਸੁਨਿਸ਼ਿਚਤ ਕਰਨਾ ਚਾਹੁੰਦੇ ਹਾਂ। ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਰੇਲਵੇ ਬੋਰਡ ਦੀਆਂ ਜਰੂਰਤਾਂ ਮੁਤਾਬਿਕ ਰੇਲਵੇ ਟਰੇਕ ਉਪਲੱਬਧ ਕਰਵਾਓ, ਸੜਕ ਆਵਾਜਾਈ ਨਿਰਵਿਘਨ ਕਰੋ, ਤਾਂ ਜੋ ਪੰਜਾਬੀਆਂ ਅਤੇ ਪੰਜਾਬ ਨੂੰ ਹੁੰਦੇ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।
ਧੰਨਵਾਦ ਜੀ,
ਤੁਹਾਡਾ
ਸੰਨੀ ਦਿਓਲ
ਸਾਂਸਦ, ਗੁਰਦਾਸਪੂਰ
ਮਾÎਣਯੋਗ ਅਮਰਿੰਦਰ ਜੀ
ਮੁੱਖਮੰਤਰੀ ਪੰਜਾਬ।