ਅਸ਼ੋਕ ਵਰਮਾ
ਮਾਨਸਾ, 18 ਨਵੰਬਰ 2020 - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਨੇੜੇ ਧਰਨਾ ਦੇ ਕੇ ਮੋਦੀ ਸਰਕਾਰ ਖਿਲਾਫ ਭੜਾਸ ਕੱਢੀ ਅਤੇ ਪੂਰੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ। ਧਰਨੇ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਾਮਰਾਜੀਆਂ ਦੀ ਦੱਲੀ ਮੋਦੀ ਸਰਕਾਰ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਬਰਬਾਦ ਕਰਕੇ ਖੇਤੀ ਕਾਰੋਬਾਰ ਵੱਡੇ ਘਰਾਣਿਆਂ ਦੇ ਹਵਾਲੇ ਕਰਨ ਦੀ ਨੀਅਤ ਨਾਲ ਫੈਸਲੇ ਲੈ ਰਹੀ ਹੈ ਅਤੇ ਨਵੇਂ ਖੇਤੀ ਕਾਲੇ ਕਾਨੂੰਨ ਲਿਆਉਣੇ ਇਸੇ ਨੀਤੀ ਦਾ ਸਿੱਟਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਪਿਛਲੇ ਮਹੀਨਿਆਂ ਤੋਂ ਸੰਘਰਸ਼ ਦੇ ਮੈਦਾਨ ਵਿੱਚ ਹਨ।
ਉਹਨਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਦਾ ਇਹ ਸੰਘਰਸ਼ ਲਿਆਂਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰੀ ਹਕੂਮਤ ਗੱਲਾਂ ਲੋਕਤੰਤਰ ਦੀਆਂ ਕਰਦੀ ਹੈ, ਪਰ ਅਮਲ ਵਿੱਚ ਡਿਕਟੇਟਰਸ਼ਿਪ ਕਰ ਰਹੀ ਹੈ। ਉਹਨਾਂ ਕਿਹਾ ਕਿ ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜ਼ਲ, ਮਸ਼ੀਨਰੀ ਮਹਿੰਗੀ ਕਰ ਦਿੱਤੀ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਭਾਅ ਤਹਿ ਕਰਨੇ ਤੇ ਸਰਕਾਰੀ ਖਰੀਦ ਬੰਦ ਕਰਕੇ ਕਿਸਾਨਾਂ ਨੂੰ ੳਹੁਨਾਂ ਦੀਆਂ ਜ਼ਮੀਨਾਂ ਵਿੱਚੋਂ ਬਾਹਰ ਕੱਢਣ ਲਈ ਰਸਤੇ ਅਪਣਾਏ ਜਾ ਰਹੇ ਹਨ। ਝੋਨੇ ਦੀ ਪਰਾਲੀ ਦੇ ਮੁੱਦੇ ਤੇ ਬੋਲਦਿਆਂ ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਵੱਲੋਂ ਕੋਈ ਠੋਸ ਹੱਲ ਕੱਢਣ ਦੀ ਬਜਾਏ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਦੇ ਜ਼ੁਰਮਾਨੇ ਅਤੇ ਪੰਜ ਸਾਲ ਦੀ ਸਜ਼ਾ ਦੇਣ ਦਾ ਪ੍ਰਬੰਧ ਕਰਕੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ।
ਉਹਨਾਂ ਆਖਿਆ ਕਿ ਪਰਾਲੀ ਦੇ ਮਾਮਲੇ ਨੂੰ ਲੈਕੇ ਕਿਸਾਨਾਂ ਨਾਲ ਇਸ ਤਰਾਂ ਵਿਚਰਿਆ ਜਾਂਦਾ ਹੈ ਜਿਵੇਂ ਪੰਜਾਬ ਦੇ ਕਿਸਾਨ ਕਿਸੇ ਦੁਸ਼ਮਣ ਦੇਸ਼ ਦੇ ਬਸ਼ਿੰਦੇ ਹੋਣ। ਉਹਨਾਂ ਦੱਸਿਆ ਕਿ 26 ਅਤੇ 27 ਨਵੰਬਰ ਦੇ ਦਿੱਲੀ ਧਰਨੇ ਦੀ ਤਿਆਰੀ ਵਿੱਚ ਮਿਤੀ 21,22 ਅਤੇ 23 ਨਵੰਬਰ ਨੂੰ ਪਿੰਡ ਹਿਲਾਓ ਮੁਹਿੰਮ ਤਹਿਤ ਦਿਨ ਵੇਲੇ ਔਰਤਾਂ ਵੱਲੋਂ ਮੁਜਾਹਰੇ ਅਤੇ ਰਾਤਾਂ ਨੂੰ ਨੌਜਵਾਨ ਵਿਸ਼ਾਲ ਮਾਰਚ ਕਰਨਗੇ।ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੁਮਾਣਾ, ਉੱਤਮ ਸਿੰਘ ਰਾਮਾਨੰਦੀ, ਜਗਦੇਵ ਸਿੰਘ ਭੈਣੀਬਾਘਾ, ਸਾਧੂ ਸਿੰਘ ਅਲੀਸ਼ੇਰ, ਮਲਕੀਤ ਸਿੰਘ ਕੋਟਧਰਮੂ, ਜੱਗਾ ਸਿੰਘ ਜਟਾਣਾ, ਜਸਵਿੰਦਰ ਕੌਰ ਝੇਰਿਆਂਵਾਲੀ, ਚਰਨਜੀਤ ਕੌਰ ਖੀਵਾ ਨੇ ਵੀ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਦਿੱਲੀ ਚੱਲੋ ਪ੍ਰੋਗਰਾਮ ਲਈ ਤਿਆਰੀਆਂ ਵਿੱਢਣ ਦਾ ਸੱਦਾ ਦਿੱਤਾ।