ਅਸ਼ੋਕ ਵਰਮਾ
ਬਠਿੰਡਾ,21 ਸਤੰਬਰ : ਪਿਛਲੇ 6 ਮਹੀਨਿਆਂ ਤੋਂ ਕਰੋਨਾ ਵਾਇਰਸ ਕਾਰਨ ਮੰਦੀ ਦੀ ਮਾਰ ਝੱਲ ਰਹੇ ਸੂਬੇ ਭਰ ਦੇ ਹੋਟਲ ਅਤੇ ਰਿਜੋਰਟ ਮਾਲਕਾਂ ਨੇ ਹੁਣ ਉਜਾੜੇ ਦਾ ਸੰਤਾਪ ਹੰਢਾਉਂਦਿਆਂ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਬਲੈਕ ਆਊਟ ਕਰਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਹੋਟਲ ਰੈਸਟੋਰੈਂਟ ਐਂਡ ਰਿਜ਼ਾਰਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਅਰੋੜਾ ਅਤੇ ਜਨਰਲ ਸਕੱਤਰ ਅਨਿਲ ਠਾਕੁਰ ਨੇ ਕਿਹਾ ਕਿ ਲੌਕ ਡਾਊਨ ਕਾਰਨ ਬੰਦ ਪਏ ਹੋਟਲਾਂ ਤੇ ਪੰਜਾਬ ਸਰਕਾਰ ਵੱਲੋਂ ਕੋਈ ਰਾਹਤ ਨਾ ਦੇਣ ਕਾਰਨ ਸਮੂਹ ਹੋਟਲ ਇੰਡਸਟਰੀ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਉਨਾਂ ਆਖਿਆ ਕਿ ਸੂਬੇ ਭਰ ਦੇ ਹੋਟਲ, ਰੈਸਟੋਰੈਂਟ ਅਤੇ ਰਿਜੋਰਟ ਮਾਲਕ 22 ਸਤੰਬਰ ਨੂੰ ਰਾਤ 8 ਵਜੇ ਤੋਂ ਸਾਢੇ 8 ਵਜੇ ਤੱਕ ਲਾਈਟਾਂ ਬੰਦ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਜਤਾਉਣਗੇ।
ਉਨਾਂ ਦੱਸਿਆ ਕਿ ਪਿਛਲੀ 22 ਮਾਰਚ ਤੋਂ ਲੈ ਕੇ ਅੱਜ ਤੱਕ ਕਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਦੀ ਸਭ ਤੋਂ ਵੱਡੀ ਮਾਰ ਹੋਟਲ ਇੰਡਸਟਰੀ ਤੇ ਪਈ ਹੈ ਜਿਸ ਕਾਰਨ ਹੁਣ ਇਹ ਵਪਾਰ ਖਤਮ ਹੋਣ ਦੇ ਕਿਨਾਰੇ ਆ ਚੁੱਕਿਆ ਹੈ ਤੇ ਇਸ ਵਪਾਰ ਨਾਲ ਜੁੜੇ ਕਰੀਬ 12 ਲੱਖ ਵਿਅਕਤੀ ਬੇਰੁਜ਼ਗਾਰ ਹੋ ਕੇ ਸੜਕਾਂ ਤੇ ਆ ਚੁੱਕੇ ਹਨ ਜਿਨਾਂ ਦੀ ਅੱਜ ਤੱਕ ਨਾ ਹੀ ਪੰਜਾਬ ਦੀ ਕੈਪਟਨ ਸਰਕਾਰ ਅਤੇ ਨਾ ਹੀ ਕੇਂਦਰ ਦੀ ਮੋਦੀ ਸਰਕਾਰ ਨੇ ਕੋਈ ਸਾਰ ਲਈ ਹੈ। ਆਗੂਆਂ ਨੇ ਰੋਸ ਜਤਾਇਆ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਨਾਲ ਕਈ ਵਾਰ ਇਸ ਸਬੰਧੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਿਵਾਏ ਲਾਰੇ ਤੋਂ ਅੱਜ ਤੱਕ ਕੁਝ ਵੀ ਪੱਲੇ ਨਹੀਂ ਪਿਆ।
ਉਨਾਂ ਦੱਸਿਆ ਕਿ ਬੰਦ ਪਏ ਵਪਾਰ ਵਿੱਚ ਹੋਟਲਾਂ ਰੈਸਟੋਰੈਂਟਾਂ ਰਿਜ਼ੋਰਟਾਂ ਦੇ ਖਰਚੇ ਜਿੰਨਾਂ ਵਿੱਚ ਪ੍ਰਾਪਰਟੀ ਟੈਕਸ, ਸੀਵਰੇਜ, ਵਧੇ ਟੈਰਿਫ ਅਨੁਸਾਰ ਬਿਜਲੀ ਦੇ ਬਿੱਲ, ਪਾਣੀ ਬਿੱਲ ਅਤੇ ਹੋਰਨਾਂ ਟੈਕਸ ਬਾ ਦਸਤੂਰ ਜਾਰੀ ਹਨ ਜਿਸ ਕਾਰਨ ਹੋਟਲ ਇੰਡਸਟਰੀ ਤੇ ਬਹੁਤ ਬੋਝ ਪਿਆ ਹੈ ਉੱਥੇ ਹੀ ਸਰਕਾਰੀ ਵਿਭਾਗਾਂ ਵੱਲੋਂ ਇਨਾਂ ਦੀ ਭਰਪਾਈ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਸੂਬੇ ਭਰ ਵਿੱਚ ਕਰੀਬ 5 ਹਜ਼ਾਰ ਹੋਟਲ ਅਤੇ 3500 ਦੇ ਕਰੀਬ ਰਿਜ਼ੋਰਟ ਹਨ ਜਿੰਨਾਂ ਵਿੱਚੋਂ ਕਈ ਸਰਕਾਰ ਦੀ ਰਾਹਤ ਉਡੀਕਦਿਆਂ ਬੰਦ ਹੋ ਚੁੱਕੇ ਹਨ। ਉਨਾਂ ਦੱਸਿਆ ਕਿ 7 ਸਤੰਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੀਟਿੰਗ ਵਿਚ ਬੀਅਰ ਬਾਰ ਦੀ ਛੇ ਮਹੀਨਿਆਂ ਦੀ ਫੀਸ ਮੁਆਫ ਭਰੋਸਾ ਦਿੱਤਾ ਸੀ ਪਰ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।
ਸਤੀਸ਼ ਅਰੋੜਾ ਅਤੇ ਅਨਿਲ ਠਾਕੁਰ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਹੋਟਲ ਇੰਡਸਟਰੀ ਦੀ ਸਾਰ ਲੈ ਕੇ ਰਾਹਤ ਪੈਕੇਜ ਜਾਰੀ ਕੀਤਾ ਜਾਵੇ ਅਤੇ ਵਿੱਤ ਮੰਤਰੀ ਨਾਲ ਹੋਈ ਮੀਟਿੰਗ ਅਨੁਸਾਰ ਦਿੱਤੇ ਭਰੋਸੇ ਤਹਿਤ ਬੀਅਰ ਬਾਰ ਦੀ ਪਿਛਲੇ ਛੇ ਮਹੀਨਿਆਂ ਦੀ ਫੀਸ ਮਾਫ ਕੀਤੀ ਜਾਵੇ, ਅਗਲੇ ਛੇ ਮਹੀਨਿਆਂ ਦੀ ਫੀਸ ਦੀਆਂ ਕਿਸਤਾਂ ਬਣਾਈਆਂ ਜਾਣ, ਦਿੱਤੇ ਭਰੋਸੇ ਅਨੁਸਾਰ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣ ਤਾਂ ਜੋ ਸੂਬੇ ਅੰਦਰ ਟੂਰਿਜਮ ਨੂੰ ਵਧਾਉਣ ਵਿੱਚ ਉਹ ਆਪਣਾ ਹਿੱਸਾ ਪਾ ਸਕਣ।