- ਮੋਰਚਾ ਅੱਗੇ ਵਧਾਕੇ 29 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ।
ਫਿਰੋਜ਼ਪੁਰ, 25 ਸਤੰਬਰ 2020 - ਮੋਦੀ ਸਰਕਾਰ ਵਲੋਂ ਬਿਨ੍ਹਾ ਵੋਟਿੰਗ ਧੱਕੇ ਨਾਲ ਪਾਰਲੀਮੈਂਟ ਵਿਚ ਪਾਸ ਕਰਵਾਏ ਤਿੰਨ ਖੇਤੀ ਆਰਡੀਨੈਂਸ ਕਿਸਾਨੀ ਕਿੱਤੇ ਦੀ ਬਰਬਾਦੀ ਤੇ ਸੰਘੀ ਢਾਂਚੇ ਨੂੰ ਤੋੜਨ ਖਿਲਾਫ਼ ਅੱਜ ਰੇਲ ਮਾਰਗ ਫਿਰੋਜ਼ਪੁਰ ਜੰਕਸ਼ਨ (ਬਸਤੀ ਟੈਂਕਾ ਵਾਲੀ) 'ਤੇ ਦੂਜੇ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ ਤੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਮੋਰਚੇ ਨੂੰ ਸਮਰਥਨ ਦੇਣ ਲਈ ਕਈ ਜਨਤਕ ਜਥੇਬੰਦੀਆਂ, ਆੜਤੀਏ, ਮਜ਼ਦੂਰ ਯੂਨੀਅਨ, ਟੀਚਰ ਯੂਨੀਅਨ ਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਲੰਗਰ ਪ੍ਰਸ਼ਾਦੇ ਲੈ ਕੇ ਸ਼ਿਰਕਤ ਕੀਤੀ। ਮੋਦੀ ਸਰਕਾਰ ਖਿਲਾਣ ਲੋਕਾਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅੰਦੋਲਨਕਾਰੀਆਂ ਵੱਲੋਂ ਪੰਜਾਬ ਬੰਦ ਨੂੰ ਭਰਪੂਰ ਸਮੱਰਥਨ ਦਿੱਤਾ ਗਿਆ ਹੈ। ਸਾਰੇ ਵਰਗਾਂ ਨੂੰ ਇਸ ਅੰਦੋਲਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।
ਰੇਲਵੇ ਟਰੈਕ 'ਤੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਰਣਬੀਰ ਸਿੰਘ ਠੱਠਾ, ਨਰਿੰਦਰਪਾਲ ਸਿੰਘ ਜਤਾਲਾ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਰਣਜੀਤ ਸਿੰਘ ਖੱਚਰਵਾਲਾ, ਗੁਰਮੇਲ ਸਿੰਘ ਫੱਤੇਵਾਲਾ ਨੇ ਚੱਲ ਰਹੇ ਮੋਰਚੇ ਨੂੰ ਅੱਗੇ ਵਧਾਕੇ 29 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ ਕਰਦਿਆਂ ਪ੍ਰਵਾਸੀ ਭਾਰਤੀਆਂ ਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀਆਂ ਫੇਕ ਆਈਡੀਆਂ ਬਣਾਉਣ ਵਾਲੇ ਨੂੰ ਫੰਡਜ਼ ਨਾ ਭੇਜਣ, ਕਿਉਂਕਿ ਜਥੇਬੰਦੀ ਦੇ ਕਾਨੂੰਨ ਮੁਤਾਬਕ ਫੰਡਜ਼ ਲੈਣਾ ਵਰਜਿਤ ਹੈ ਤੇ ਕਿਸਾਨ ਆਗੂਆਂ ਨੇ ਕਿਹਾ ਜਥੇਬੰਦੀ ਪੰਜਾਬ ਲੋਕਾਂ 'ਤੇ ਟੇਕ ਰੱਖਦੀ ਹੈ ਤੇ ਫੇਕ ਆਈਡੀਆਂ ਬਣਾਉਣ ਵਾਲਿਆਂ ਤੇ ਉਨ੍ਹਾਂ ਵੰਡਜ਼ ਭੇਜਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇਗੀ।
ਕਿਸਾਨ ਆਗੂਆਂ ਨੇ ਪੰਜਾਬ ਦੇ ਪਿੰਡਾਂ ਵਿਚ ਗਰਾਮ ਸਭਾਵਾਂ ਦੇ ਮਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਖਿਲਾਫ ਪਵਾਉਣ ਦਾ ਦਾਅਵਾ ਕਰਦਿਆਂ ਐਲਾਨ ਕੀਤਾ ਕਿ ਭਾਜਪਾ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਭਾਜਪਾ ਦੇ ਕੇਂਦਰੀ ਮੰਤਰੀਆਂ ਤੇ ਆਗੂਆਂ ਵਲੋਂ ਇਹ ਕਹਿਣਾ ਕਿ ਕਿਸਾਨਾ ਨੇ ਆਰਡੀਨੈਂਸ ਪੜੇ ਨਹੀਂ ਹਨ। ਕਿਸਾਨ ਆਗੂਆਂ ਨੇ ਇਸ ਮੌਕੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਖੇਤੀ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ। ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ 2 ਸੀ ਧਾਰਾ ਅਨੁਸਾਰ ਲਾਗਤ ਖਰਚੇ ਗਿਣ ਕੇ 50 ਫੀਸਦੀ ਮੁਨਾਫ਼ਾ ਜੋੜ ਕੇ ਦਿੱਤੇ ਜਾਣ ਤੇ ਕਣਕ ਦਾ ਝਾਅ 3300 ਰੁਪਏ ਕੁਇੰਟਲ ਮਿੱਥਿਆ ਜਾਵੇ। 23 ਫਸਲਾਂ ਦੀ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ।
ਇਸ ਮੌਕੇ ਅਮਨਦੀਪ ਸਿੰਘ ਕੱਚਰਭੰਨ, ਮਹਿਤਾਬ ਸਿੰਘ ਕੱਚਰਭੰਨ, ਬਲਵਿੰਦਰ ਸਿੰਘ, ਸੁਖਵੰਤ ਸਿੰਘ ਲੋਹੁਕਾ, ਗੁਰਦੇਵ ਸਿੰਘ ਸ਼ਾਹਵਾਲਾ, ਗੁਰਮੇਜ ਸਿੰਘ ਸ਼ਾਹਵਾਲਾ, ਪ੍ਰਗਟ ਸਿੰਘ ਮਸਤੇਵਾਲਾ, ਸੁਰਿੰਦਰ ਸਿੰਘ ਘੁੱਦੂਵਾਲਾ, ਲਖਵੀਰ ਸਿੰਘ ਬੂਈਆਂ ਵਾਲਾ, ਬਲਰਾਜ ਸਿੰਘ ਫੇਰੋਕੇ, ਗੁਰਨਾਮ ਸਿੰਘ ਝੁੱਗੀਆਂ, ਬੂਟਾ ਸਿੰਘ ਕਰੀਆਂ ਕਲਾ, ਮੇਹਰ ਸਿੰਘ ਤਲਵੰਡੀ, ਗੁਰਭੇਜ ਸਿੰਘ ਧਾਲੀਵਾਲ, ਗੁਰਸਾਹਿਬ ਸਿੰਘ ਪਹੁਵਿੰਡ, ਦਿਲਬਾਗ ਸਿੰਘ ਮਾੜੀਮੇਗਾ, ਗੁਰਦਿਆਲ ਸਿੰਘ ਟਿੱਬੀਕਲਾਂ, ਮੰਗਲ ਸਿੰਘ ਸਵਾਈ ਆਦਿ ਨੇ ਵੀ ਸੰਬੋਧਨ ਕੀਤਾ।