- ਰੇਲਵੇ-ਸਟੇਸ਼ਨਾਂ, ਟੋਲ-ਪਲਾਜ਼ਿਆਂ, ਰਿਲਾਇੰਸ-ਪੰਪਾਂ 'ਤੇ ਧਰਨੇ ਜਾਰੀ ਰਹਿਣਗੇ
- ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਵੱਲੋਂ ਕਿਸਾਨ-ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ
- ਦੇਸ਼-ਪੱਧਰੀ ਚੱਕਾ-ਜਾਮ ਅੱਜ 5 ਨਵੰਬਰ ਨੂੰ
ਚੰਡੀਗੜ੍ਹ, 4 ਨਵੰਬਰ 2020 - ਪੰਜਾਬ ਦੀਆਂ 30 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਸਾਂਝੀ-ਮੀਟਿੰਗ ਪੰਜਾਬ ਕਿਸਾਨ ਭਵਨ, ਚੰਡੀਗੜ੍ਹ ਵਿਖੇ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਆਗੂਆਂ ਕੁਲਵੰਤ ਸਿੰਘ ਸੰਧੂ, ਜਗਮੋਹਨ ਸਿੰਘ ਪਟਿਆਲਾ, ਬਲਬੀਰ ਸਿੰਘ ਰਾਜੇਵਾਲ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 20 ਨਵੰਬਰ ਤੱਕ ਮਾਲ-ਗੱਡੀਆਂ ਨੂੰ ਛੋਟ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਰੇਲਵੇ-ਸਟੇਸ਼ਨਾਂ, ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਚੱਲ ਰਹੇ ਧਰਨੇ ਜਾਰੀ ਰਹਿਣਗੇ। ਭਾਜਪਾ ਆਗੂਆਂ ਦਾ ਘਿਰਾਓ ਵੀ ਜਾਰੀ ਰਹੇਗਾ। ਕਿਸਾਨ-ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਮੀਟਿੰਗ-ਦੌਰਾਨ ਅੱਜ 5 ਨਵੰਬਰ ਦੇ ਦੇਸ਼-ਪੱਧਰੀ ਚੱਕਾ-ਜਾਮ ਨੂੰ ਸੂਬੇ ਭਰ 'ਚ ਸਫ਼ਲ ਬਣਾਉਣ ਅਤੇ 26-27 ਨਵੰਬਰ ਨੂੰ ਦਿੱਲੀ ਵਿਖੇ ਦੇਸ਼-ਪੱਧਰੀ ਇਕੱਠ ਲਈ ਵਿਉਂਤਬੰਦੀ ਕੀਤੀ ਗਈ।
ਮੀਟਿੰਗ ਦੌਰਾਨ ਭਾਜਪਾ ਦੇ ਪੰਜਾਬ ਕਿਸਾਨ ਸੈੱਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਵਾਲ਼ੇ ਤਰਲੋਚਨ ਸਿੰਘ ਗਿੱਲ ਨੇ ਪਹੁੰਚ ਕੇ ਕਿਸਾਨ-ਜਥੇਬੰਦੀਆਂ ਨਾਲ ਇੱਕਜੁੱਟਤਾ ਪ੍ਰਗਟਾਈ। ਸਾਬਕਾ ਸੈਨਿਕਾਂ ਵੱਲੋਂ ਵੀ ਕਿਸਾਨ-ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਆਨਰੇਰੀ ਰਿਟਾਇਰਡ ਕਰਨਲ ਕੁਲਦੀਪ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਕਿਸਾਨ-ਜਥੇਬੰਦੀਆਂ ਦੀ ਮੀਟਿੰਗ 'ਚ ਪਹੁੰਚ ਕੇ ਸੰਘਰਸ਼ ਦੇ ਸਮਰਥਨ ਦਾ ਐਲਾਨ ਕੀਤਾ।