- ਕਿਸਾਨ ਘੋਲ਼ ਨੂੰ ਸਿਖਰਾਂ ਵੱਲ ਲਿਜਾਣ ਵਿੱਚ ਵੱਡਾ ਯੋਗਦਾਨ ਪਾਉਣ ਦੀ ਲੋੜ - ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ
ਫਿਰੋਜ਼ਪੁਰ, 4 ਨਵੰਬਰ 2020 - ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਨੇ ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਜ਼ਿਲੇ ਦੇ ਸਮੂਹ ਅਧਿਆਪਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਅਤੇ ਕਿਸਾਨ ਵਿਰੋਧੀ ਕਾਨੂੰਨ ਬਿਜਲੀ ਐਕਟ 2020 ਅਤੇ ਕਿਰਤ ਕਾਨੂੰਨਾਂ ਵਿੱਚ ਕਿਰਤੀ ਵਿਰੋਧੀ ਕੀਤੀਆਂ ਸੋਧਾਂ ਖ਼ਿਲਾਫ਼ 05 ਨਵੰਬਰ ਦੁਪਹਿਰ 12:00 ਵਜੇ ਤੋਂ 04 ਵਜੇ ਤਕ ਕਿਸਾਨਾਂ ਵੱਲੋਂ ਦੇਸ਼ ਵਿਆਪੀ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਵਿੱਚ ਸਾਰੇ ਅਧਿਆਪਕ ਆਪੋ ਆਪਣੀ ਜੱਥੇਬੰਦਕ ਜ਼ਿੰਮੇਵਾਰੀ ਨਿਭਾਉਂਦਿਆਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣਗੇ।
ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਦੇ ਆਗੂ ਸਾਹਿਬਾਨ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਫੰਡ ਅਤੇ ਜੀ ਐਸ ਟੀ ਦਾ ਹਿੱਸਾ ਜਾਮ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਕਰਜਿਆਂ ਦੇ ਵਿਆਜ ਉੱਤੇ ਵਿਆਜ ਦੀ ਛੋਟ ਤੋਂ ਵਾਂਝੇ ਕਰਕੇ ਉੱਪਰੋਥਲ਼ੀ ਬਦਲਾਖੋਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਅਜਿਹੇ ਵਿੱਚ ਕਿਸਾਨ ਘੋਲ਼ ਨੂੰ ਸਿਖਰਾਂ ਵੱਲ ਲਿਜਾਣ ਵਿੱਚ ਵੱਡਾ ਯੋਗਦਾਨ ਪਾਉਣ ਦੀ ਲੋੜ ਹੈ ਅਤੇ ਸਮੂਹ ਅਧਿਆਪਕ ਇਸ ਚੱਕਾ ਜਾਮ ਵਿਚ ਜੋਸ਼ ਖਰੋਸ਼ ਨਾਲ ਵੱਡੇ ਤੋਂ ਵੱਡੇ ਇਕੱਠ ਕਰ ਕੇ ਕਿਸਾਨੀ ਸੰਘਰਸ਼ ਵਿੱਚ ਆਪਣਾ ਹਿੱਸਾ ਪਾਉਣਗੇ। ਇਸ ਮੌਕੇ ਮਲਕੀਤ ਸਿੰਘ ਹਰਾਜ, ਰਾਜਦੀਪ ਸਿੰਘ ਸੰਧੂ, ਬਾਜ ਸਿੰਘ, ਗੁਰਜੀਤ ਸਿੰਘ ਸੋਢੀ, ਹਰਜਿੰਦਰ ਹਾਂਡਾ, ਦੀਦਾਰ ਸਿੰਘ ਮੁੱਦਕੀ, ਸਰਬਜੀਤ ਸਿੰਘ ਭਾਵੜਾ , ਲਖਵਿੰਦਰ ਸਿੰਘ ਸਿਮਕ, ਹਰਜੀਤ ਸੰਧੂ,ਨਵੀਨ ਕੁਮਾਰ,ਜਗਬੀਰ ਸਿੰਘ, ਗੁਰਸੇਵਕ ਸਿੰਘ ਆਦਿ ਆਗੂ ਵੀ ਹਾਜ਼ਿਰ ਸਨ।