ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 12 ਦਸੰਬਰ 2020 - ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਿਹਾ ਕਿਸਾਨ ਮੋਰਚਾ ਦਿਨੋ ਦਿਨ ਵਿਸ਼ਾਲ ਰੂਪ ਧਾਰਨ ਕਰਦਾ ਜਾ ਰਿਹਾ ਹੈ।ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਪ੍ਰਦੇਸ਼, ਦੇਸ਼ ਦੇ ਹੋਰ ਸੂਬਿਆਂ ਤੋਂ ਇਲਾਵਾਂ ਬਾਹਰਲੇ ਮੁਲਖਾਂ ਵਿੱਚ ਵਸਦੇ ਪੰਜਾਬੀ ਵੀ ਉਡਾਰੀਆਂ ਮਾਰ ਕੇ ਧਰਨੇ ਵਿੱਚ ਪਹੁੰਚ ਰਹੇ ਹਨ।ਖੂਬਸੂਰਤ ਗੱਲ ਇਹ ਹੈ ਕਿ ਇਸ ਅੰਦੋਲਨ ਵਿੱਚ ਨੌਜਵਾਨ ਬਹੁਤ ਭਾਰੀ ਮਾਤਰਾ ਵਿੱਚ ਭਾਗ ਲੈ ਰਹੇ ਹਨ।
ਕਿਸਾਨ ਆਗੂਆਂ ਦੀ ਹੋਸ਼ ਅਤੇ ਨੌਜਵਾਨਾਂ ਦਾ ਜੋਸ਼ ਹੀ ਇਸ ਅੰਦੋਲਨ ਦੀ ਕਾਮਯਾਬੀ ਦਾ ਕਾਰਨ ਸਾਬਿਤ ਹੋ ਰਿਹਾ ਹੈ। ਪਰ ਕੁੱਝ ਕੁ ਨੌਜਵਾਨਾਂ ਵੱਲੋਂ ਧਰਨੇ ਵਾਲੀ ਜਗ੍ਹਾ ਉੱਪਰ ਟਰੈਕਟਰਾਂ ਉੱਪਰ ਉੱਚੀ ਅਵਾਜ ਵਿੱਚ ਗਾਣੇ ਗਾਉਣ ਅਤੇ ਨੱਚਣ ਟੱਪਣ ਦਾ ਸਮਾਚਾਰ ਪ੍ਰਾਪਤ ਹੋਣ ਦਾ ਸਖਤ ਨੋਟਿਸ ਲੈਂਦਿਆਂ ਸੰਯੁਕਤ ਕਿਸਾਨ ਮੋਰਚਾ ਸਿੰਘੂ ਬਾਰਡਰ ਤੋਂ ਕਿਸਾਨ ਆਗੂਆਂ ਨੇ ਨੌਜਵਾਨਾਂ ਨੂੰ ਅਜਿਹੀਆਂ ਹਰਕਤਾਂ ਤੋਂ ਵਰਜਦੇ ਹੋਏ ਸਖਤ ਤਾੜਨਾ ਕੀਤੀ ਹੈ।
ਆਗੂਆਂ ਦਾ ਕਹਿਣਾ ਹੈ ਕਿ ਆਪਣਾ ਅੰਦੋਲਨ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ। ਨੌਜਵਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਅਜਿਹੀਆਂ ਹਰਕਤਾਂ ਕਿਸਾਨੀ ਅੰਦੋਲਨ ਦੇ ਅਕਸ ਨੂੰ ਢਾਹ ਲਾ ਸਕਦੀਆਂ ਹਨ ਅਤੇ ਸਰਕਾਰ ਅਤੇ ਉਸਦੇ ਪਾਲਤੂਆਂ ਨੂੰ ਖਾਹਮਖਾਹ ਅੰਦੋਲਨ ਨੂੰ ਭੰਡਣ ਦਾ ਮੌਕਾ ਮਿਲ ਜਾਵੇਗਾ। ਉਹਨਾਂ ਕਿਹਾ ਕਿ ਨੱਚਣ ਟੱਪਣ ਦਾ ਵੇਲਾ ਨਹੀਂ। ਅਸੀਂ ਇੱਥੇ ਖੁਸ਼ੀ ਨਾਲ ਨਹੀਂ ਆਏ। ਸਾਡੇ ਹੱਕ ਖੋਹੇ ਜਾ ਰਹੇ ਹਨ ਅਤੇ ਅਸੀਂ ਇਸਦੇ ਵਿਰੋਧ ਵਿੱਚ ਸ਼ਾਂਤਮਈ ਵਿਰੋਧ ਕਰਨ ਆਏ ਹਾਂ। ਸੋ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਆਪਾਂ ਅਨੁਸ਼ਾਸਨ ਬਣਾਈ ਰੱਖੀਏ ਤਾਂ ਜੋ ਸਾਨੂੰ ਫਤਿਹ ਹਾਸਲ ਹੋ ਸਕੇ।