ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 12 ਦਸੰਬਰ, 2020 - ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਅਤੇ ਹੁਣ ਦਿੱਲੀ ਵਿਖੇ ਲੱਗੇ ਮੋਰਚੇ ਨਾਲ ਸਰਕਾਰ ਕਾਨੂੰਨ ਵਾਪਸ ਲੈਂਦੀ ਹੈ ਜਾਂ ਨਹੀਂ ਇਹ ਗੱਲ ਤਾਂ ਭਵਿੱਖ ਦੇ ਗਰਭ ਵਿੱਚ ਹੈ ਪਰ ਇਸ ਕਿਸਾਨੀ ਮੋਰਚੇ ਵਿੱਚੋਂ ਬਹੁਤ ਕੁੱਝ ਗਵਾਚਿਆ ਹੋਇਆ ਲੱਭ ਗਿਆ ਹੈ। ਇਸ ਕਿਸਾਨੀ ਮੋਰਚੇ ਨੇ ਰਾਜਨੀਤਿਕ ਲੋਕਾਂ ਦੁਆਰਾ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਦੇ ਮਨਾਂ ਵਿੱਚ ਬਿਨਾਂ ਮਤਲਬੋਂ ਬੀਜੇ ਬੀਅ ਮਸਲ ਦਿੱਤੇ ਹਨ ਅਤੇ ਹਰਿਆਣੇ ਅਤੇ ਪੰਜਾਬ ਦੇ ਲੋਕ ਇੱਕ ਦੂਜੇ ਨੂੰ ਬਹੁਤ ਜਿਆਦਾ ਪਿਆਰ ਕਰਨ ਲੱਗ ਪਏ ਹਨ ਅਤੇ ਇੱਕ ਦੂਜੇ ਤੋਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਹੋਏ ਪਏ ਹਨ। ਇਹਨਾਂ ਗੱਲਾਂ ਤੋਂ ਸਹਿਜ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਮ ਲੋਕਾਂ ਦੀ ਇੱਕ ਦੂਜੇ ਨਾਲ ਨਫਰਤ ਨਹੀਂ ਹੁੰਦੀ, ਸਗੋਂ ਸੌੜੀ ਸਿਆਸਤ ਨਿੱਜੀ ਲਾਭਾਂ ਖਾਤਰ ਲੋਕ ਮਨਾਂ ਵਿੱਚ ਨਫਰਤ ਦੇ ਬੀਜ ਬੀਜਦੀ ਹੈ।ਕਿਸਾਨੀ ਸੰਘਰਸ਼ ਵਿੱਚ ਪੰਜਾਬ ਅਤੇ ਹਰਿਆਣੇ ਦੇ ਲੋਕ ਪਹਿਲੇ ਦਿਨ ਜਦੋਂ ਬੈਰੀਅਰ ਤੋੜੇ ਗਏ ਉਦੋਂ ਤੋਂ ਇਕੱਠੇ ਜੂਝ ਰਹੇ ਹਨ।ਹਰਿਆਣੇ ਦੇ ਲੋਕਾਂ ਵੱਲੋਂ ਪੰਜਾਬ ਨੂੰ ਆਪਣਾ ਵੱਡਾ ਭਰਾ ਦੱਸਿਆ ਜਾ ਰਿਹਾ ਹੈ ਅਤੇ ਪੰਜਾਬੀਆਂ ਦੀ ਜੀਅ ਜਾਨ ਤੋਂ ਟਹਿਲ ਸੇਵਾ ਕੀਤੀ ਜਾ ਰਹੀ ਹੈ ਜਿਸਨੂੰ ਪੰਜਾਬੀ ਲੋਕ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਪਾ ਰਹੇ।
ਇਸ ਤੋਂ ਅਗਲੀ ਉਦਾਹਰਨ ਜੋ ਇਸ ਕਿਸਾਨ ਅੰਦੋਲਨ ਵਿੱਚ ਦਿਖਾਈ ਦੇ ਰਹੀ ਹੈ ਉਹ ਇਹ ਕਿ ਵੱਖ ਵੱਖ ਧਰਮਾਂ ਦੇ ਲੋਕ ਇਸ ਸ਼ਾਂਤ ਮਹਾਂਯੁੱਧ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਇਕੱਠੇ ਹੋ ਲੜ ਰਹੇ ਹਨ। ਇਸ ਅੰਦੋਲਨ ਵਿੱਚ ਤੁਸੀਂ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਆਰਤੀ ਪੂਜਾ, ਸਿੱਖਾਂ ਨੂੰ ਅਰਦਾਸ ਬੇਨਤੀ ਅਤੇ ਮੁਸਲਿਮ ਭਾਈਚਾਰੇ ਨੂੰ ਧਾਰਮਿਕ ਰਹੁ ਰੀਤਾਂ ਮੁਤਾਬਿਕ ਨਮਾਜ ਅਦਾ ਕਰਦੇ ਦੇਖ ਸਕਦੇ ਹੋ।ਇਹ ਭਾਵੁਕ ਕਰਨ ਵਾਲੀਆਂ ਝਾਕੀਆਂ ਇਹੋ ਸਪਸ਼ਟ ਕਰਦੀਆਂ ਹਨ ਕਿ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਣਬੋ”। ਇਸ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਵੱਲੋਂ ਮੂਹਰੇ ਹੋ ਕੇ ਲੜੇ ਜਾ ਰਹੇ ਇਸ ਸੰਘਰਸ਼ ਵਿੱਚ ਸਮੁੱਚੇ ਭਾਰਤ ਵਿੱਚੋਂ ਕਿਸਾਨ ਅਤੇ ਲੋਕ ਪੱਖੀ ਲੋਕ ਇਸ ਅੰਦੋਲਨ ਵਿੱਚ ਆ ਰਹੇ ਹਨ ਜੋ ਇਸ ਅੰਦੋਲਨ ਨੂੰ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਬਣਾ ਰਹੇ ਹਨ।