- ਦਿੱਲੀ ਵਿਖੇ ਸਿੰਘੂ ਬਾਰਡਰ ਤੇ ਲੱਗੇ ਕਿਸਾਨ ਮੋਰਚੇ ਨੂੰ ਸੰਬੋਧਨ ਕੀਤਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ
ਸਿੰਘੂ ਬਾਰਡਰ, 3 ਜਨਵਰੀ 2021 - ਅੱਜ ਦਿੱਲੀ ਵਿਖੇ ਸਿੰਘੂ ਬਾਰਡਰ ਤੇ ਲੱਗੇ ਕਿਸਾਨ ਮੋਰਚੇ ਨੂੰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਨੇ ਪਹਿਲਾ ਕਿਸਾਨਾਂ ਦੇ ਪੁੱਤਰ ਦਿਨ ਦਿਹਾੜੇ ਹੱਥਾਂ ਵਿੱਚੋਂ ਖੋਹ ਕੇ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਹੁਣ ਮੋਦੀ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਖੋਹਣ ਲਈ ਕਾਲੇ ਕਾਨੂੰਨ ਲੈ ਕੇ ਆਈ ਹੈ।
ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸਾਂ ਦਾ ਔਰੰਗਜੇਬ ਦੇ ਵਾਰਸਾਂ ਵਿਚਕਾਰ ਹੈ।ਸੰਘਰਸ਼ ਮਲਕਭਾਗੋਆਂ ਤੇ ਭਾਈ ਲਾਲੋਆਂ ਵਿਚਕਾਰ ਹੈ।ਉਨ੍ਹਾਂ ਕਿਹਾ ਮੰਨੂਵਾਦੀਆਂ ਦਾ ਵਿਕਾਸ ਦਾ ਮਾਡਲ ਫੇਲ ਹੋ ਚੁਕਾ ਹੈ ਅਤੇ ਆਖਰ ਵਿੱਚ ਜਿੱਤ ਕਰਤਾਰਪੁਰ ਸਾਹਿਬ ਮਾਡਲ ਦੀ ਹੋਵੇਗੀ।ਇਸ ਮੌਕੇ ਤੇ ਖਾਲੜਾ ਮਿਸ਼ਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਉਪਰ ਦਰਜ ਕੀਤੇ ਜਾਂ ਰਹੇ ਸਾਰੇ ਕੇਸ ਰੱਦ ਕਰੇ।
ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 6 ਕਿਸਾਨ ਆਪਣੀ ਜਾਨ ਕੁਰਬਾਨ ਕਰ ਚੁਕੇ ਹਨ ਅਤੇ ਕਿਸਾਨ ਮੋਰਚੇ ਵਿੱਚ ਸ਼ਹੀਦੀ ਪਾਉਣ ਵਾਲਿਆਂ ਦੀ ਗਿਣਤੀ 60 ਤੱਕ ਪੁਜ ਗਈ ਹੈ।ਕੈਪਟਨ ਸਰਕਾਰ ਜੇਕਰ ਸੱਚਮੁਚ ਕਿਸਾਨਾਂ ਦੇ ਨਾਲ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤਸ਼ਾਹ ਖਿਲਾਫ ਕਤਲ ਦੇ ਮੁਕਦਮੇ ਦਰਜ ਕਰੇ।ਖਾਲੜਾ ਮਿਸ਼ਨ ਨੇ ਕਿਹਾ ਕਿ ਜੇਕਰ ਧਰਮਯੁਧ ਮੋਰਚੇ ਦੇ ਗਦਾਰਾਂ ਨੂੰ ਸਮੇਂ ਸਿਰ ਸਜਾ ਮਿਲੀ ਹੁੁੰਦੀ ਤਾਂ ਪੰਥ ਤੇ ਪੰਜਾਬ ਦੀ ਇਹ ਹਾਲਤ ਨਾਂ ਹੁੰਦੀ।ਉਨ੍ਹਾਂ ਦੇ ਨਾਲ ਖਾਲੜਾ ਮਿਸ਼ਨ ਦੇ ਆਗੂ ਪ੍ਰਵੀਨ ਕੁਮਾਰ,ਸਤਵਿੰਦਰ ਸਿੰਘ ਪਲਾਸੌਰ,ਹਰਮਨਦੀਪ ਸਿੰਘ,ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।