ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 3 ਦਸੰਬਰ 2020 - ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪੂਰੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਦੱਖਣੀ ਭਾਰਤ ਵਿੱਚੋਂ ਕਿਸਾਨ ਲਗਾਤਾਰ ਦਿੱਲੀ ਦੀ ਘੇਰਾਬੰਦੀ ਕਰ ਰਹੇ ਹਨ। ਕਿਸਾਨਾਂ ਤੋਂ ਇਲਾਵਾ ਸਮਾਜ ਦੇ ਹੋਰ ਵਰਗ ਇਸ ਅੰਦੋਲਨ ਦੀ ਹਮਾਇਤ ਵਿੱਚ ਵੱਖ-ਵੱਖ ਤਰ੍ਹਾਂ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਹੋਟਲ ਮਾਲਕਾਂ ਨੇ ਆਪਣੇ ਹੋਟਲ ਕਿਸਾਨਾਂ ਦੇ ਸਪੁਰਦ ਕਰ ਦਿੱਤੇ। ਅਟੁੱਟ ਲੰਗਰ ਵਰਤ ਰਹੇ ਹਨ।
ਇਸੇ ਤਰ੍ਹਾਂ ਇਸ ਅੰਦੋਲਨ ਵਿੱਚ ਭਾਗ ਲੈ ਰਹੇ ਕਿਸਾਨਾਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਆਉਂਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦੇ ਨਿਵਾਰਨ ਲਈ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਦੇ ਸੁਖ ਸੰਸਾਰ ਚੈਰੀਟੇਬਲ ਹਸਪਤਾਲ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਡਾਕਟਰੀ ਅਮਲੇ ਫੈਲੇ ਨਾਲ ਲਬਰੇਜ ਇਹਨਾਂ ਦੀ ਟੀਮ ਲੋਕਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਇਸ ਹਸਪਤਾਲ ਅਤੇ ਕੈਂਪ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇੱਥੇ ਕਿਸੇ ਨਾਲ ਕੋਈ ਵਿਤਕਰਾ ਜਾਂ ਤੇਰ ਮੇਰ ਨਹੀਂ ਕੀਤੀ ਜਾਂਦੀ ਸਗੋਂ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਣਬੋ’ ਦੇ ਆਧਾਰ ਤੇ ਹਰ ਇੱਕ ਦੀ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਸੀ ਕਿ ਚਾਹੇ ਪ੍ਰਧਾਨ ਮੰਤਰੀ ਮੋਦੀ ਜਾਂ ਹਰਿਆਣੇ ਦਾ ਮੁੱਖ ਮੰਤਰੀ ਖੱਟਰ ਵੀ ਇੱਥੇ ਆ ਜਾਵੇ, ਉਹਨਾਂ ਦੀ ਵੀ ਇਸੇ ਭਾਵਨਾ ਨਾਲ ਹੀ ਸੇਵਾ ਕੀਤੀ ਜਾਵੇਗੀ। ਹਸਪਤਾਲ ਦੁਆਰਾ ਕੀਤੇ ਪ੍ਰਬੰਧ ਕਾਬਿਲ ਏ ਤਾਰੀਫ ਹਨ।