ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 3 ਦਿਸੰਬਰ 2020 - ਪੰਜਾਬ ਦੇ ਵਿੱਚੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਾਫਲੇ ਦਿੱਲੀ ਕੂਚ ਕਰ ਰਹੇ ਹਨ ਅਤੇ ਰੋਕਾਂ ਮਿੱਧਦੇ ਹੋਏ ਦਿੱਲੀ ਦੀ ਹਿੱਕ ਤੇ ਜਾ ਬੈਠੇ ਹਨ। ਕਿਸਾਨ ਯੂਨੀਅਨਾਂ ਦੇ ਅਗਵਾਈ ਵਿੱਚ ਚੱਲ ਰਹੇ ਇਸ ਸੰਘਰਸ਼ ਦੇ ਆਗੂਆਂ ਨੇ ਆਪਣੇ ਤਜਰਬੇ ਦੇ ਆਧਾਰ ੳੁੱਪਰ ਕਿਸਾਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾਈ ਅਤੇ ਪੜ੍ਹਾਈ ਜਾ ਰਹੀ ਹੈ ਕਿ ਸੰਘਰਸ਼ ਲੰਬਾ ਅਤੇ ਲਮਕਵਾਂ ਹੋ ਸਕਦਾ ਹੈ। ਸੋ ਆਗੂਆਂ ਦੇ ਹੁਕਮ ਦੀ ਤਾਮੀਲ ਕਰਦੇ ਹੋਏ ਪੰਜਾਬ ਦੇ ਲੱਖਾਂ ਕਿਸਾਨ ਆਪਣੇ ਲੱਖਾਂ ਟਰੈਕਟਰਾਂ ਉੱਪਰ ਸਵਾਰ ਹੋ ਕੇ ਕਈ ਕਈ ਮਹੀਨਿਆਂ ਦਾ ਰਸਦ ਪਾਣੀ ਲੈ ਕੇ ਦਿੱਲੀ ਪਹੁੰਚੇ ਹਨ ਤਾਂ ਜੋ ਜੇਕਰ ਸੰਘਰਸ਼ ਲੰਬਾ ਹੁੰਦਾ ਹੈ ਤਾਂ ਖਾਣ ਪੀਣ ਦੀ ਕਮੀ ਨਾ ਆਵੇ।
ਪਰ ਜੋ ਤਸਵੀਰਾਂ ਸਿੰਘੂ ਬਾਰਡਰ ਉੱਪਰ ਦੇਖਣ ਨੂੰ ਮਿਲ ਰਹੀਆਂ ਹਨ ਉਹ ਇਹ ਦਿਖਾ ਰਹੀਆਂ ਹਨ ਕਿ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਅਤੇ ਦਿੱਲੀ ਦੇ ਲੋਕਾਂ ਦੁਆਰਾ ਅਜੇ ਆਪਣਾ ਰਾਸ਼ਨ ਪਾਣੀ ਖੋਲ੍ਹਣ ਹੀ ਨਹੀਂ ਦਿੱਤਾ ਗਿਆ। ਗੱਲਬਾਤ ਦੌਰਾਨ ਕੁੱਝ ਕਿਸਾਨ ਆਗੂਆਂ ਨੇ ਦੱਸਿਆ ਕਿ ਹਰਿਆਣੇ ਅਤੇ ਦਿੱਲੀ ਦੇ ਲੋਕਾਂ ਦੁਆਰਾ ਲਗਾਤਾਰ ਬੋਤਲ ਬੰਦ ਪਾਣੀ, ਬਿਸਕੁਟਾਂ ਦੀਆਂ ਪੇਟੀਆਂ, ਫਲਾਂ ਸਬਜੀਆਂ ਦੀਆਂ ਟਰਾਲੀਆਂ ਭਰ ਭਰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਭੇਜੀਆਂ ਜਾ ਰਹੀਆਂ ਹਨ।ਇੱਥੋਂ ਤੱਕ ਕਿ ਕੁੱਝ ਲੋਕਾਂ ਵੱਲੋਂ ਬੋਰੀਆਂ ਭਰ ਭਰ ਕਾਜੂ ਬਾਦਾਮ ਉੱਥੇ ਪਹੁੰਚਾ ਕੇ ਲੰਗਰ ਵਰਤਾਏ ਗਏ।ਪਖਾਨੇ ਦੀ ਸਮੱਸਿਆ ਦੇ ਹੱਲ ਲਈ ਹਰਿਆਣੇ ਦੇ ਲੋਕਾਂ ਨੇ ਆਪਣੇ ਘਰਾਂ ਦੇ ਗੁਸਲਖਾਨੇ ਕਿਸਾਨਾਂ ਲਈ ਖੋਲ੍ਹ ਦਿੱਤੇ ਜੋ ਕੋਈ ਵੀ ਬਿਨਾਂ ਰੋਕ ਟੋਕ ਦੇ ਵਰਤ ਸਕਦਾ ਹੈ।ਇਸ ਤੋਂ ਇਲਾਵਾ ਸਾਬਣ ਤੇਲ ਤੱਕ ਹੋਰ ਵੀ ਲੋੜੀਂਦੀਆਂ ਚੀਜਾਂ ਸਥਾਨਕ ਲੋਕਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਲੋਕ ਇਸ ਨੂੰ ਪੰਜਾਬ ਦੇ ਕਿਸਾਨਾਂ ਦੀ ਲੜਾਈ ਨਾ ਮੰਨ ਕੇ ਆਪਣੀ ਲੜਾਈ ਮੰਨ ਰਹੇ ਹਨ।