ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 3 ਦਿਸੰਬਰ, 2020 -ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਦੇਸ਼ ਦਾ ਖਾਸਕਰ ਪੰਜਾਬ ਦਾ ਅੰਨਦਾਤਾ ਪਿਛਲੇ ਕਈ ਦਿਨਾਂ ਤੋਂ ਸ਼ਾਂਤੀਪੂਰਵਕ ਦਿੱਲੀ ਦੀ ਘੇਰਾਬੰਦੀ ਕਰੀ ਬੈਠਾ ਹੈ ਅਤੇ ਜਮਹੂਰੀ ਢੰਗ ਨਾਲ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਪਰ ਸਿੰਘੂ ਬਾਰਡਰ ਉੱਪਰ ਕਿਸਾਨਾਂ ਦੇ ਇਸ ਧਰਨੇ ਵਿੱਚ ਕੁੱਝ ਨੌਜਵਾਨਾਂ ਵੱਲੋਂ ਦੇਸ਼ ਦੇ ਕੁੱਝ ਨੈਸ਼ਨਲ ਮੀਡੀਆ ਦੇ ਚੈਨਲਾਂ ਖਿਲਾਫ ਹੱਥਾਂ ਵਿੱਚ ਬੈਨਰ ਫੜ੍ਹ ਕੇ ਆਪਣਾ ਵਿਰੋਧ ਦਰਜ ਕਰਵਾਇਆ।ਇਹ ਨੌਜਵਾਨ ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ ਹਨ ਅਤੇ ਇਹਨਾਂ ਦੇ ਹੱਥਾਂ ਵਿੱਚ ਫੜ੍ਹੇ ਬੈਨਰਾਂ ਉੱਪਰ ਅੰਗਰੇਜੀ ਵਿੱਚ ਲ਼ਿਖਿਆ ਸੀ ਕਿ ਅਸੀਂ ਕਿਸਾਨ ਹਾਂ, ਅਸੀਂ ਸੰਸਾਰ ਦਾ ਢਿੱਡ ਭਰਦੇ ਹਾਂ, ਅਸੀਂ ਅੱਤਵਾਦੀ ਨਹੀਂ, ਅਸੀਂ ਖਾਲਸਤਾਨੀ ਨਹੀਂ, ਮੀਡੀਆ ਵਾਲਿਓ ਸ਼ਰਮ ਕਰੋ।
ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਨੈਸ਼ਨਲ ਮੀਡੀਏ ਦਾ ਵੱਡਾ ਹਿੱਸਾ ਕੇਂਦਰ ਦੀ ਮੋਦੀ ਸਰਕਾਰ ਦਾ ਹੱਥਠੋਕਾ ਬਣ ਚੁੱਕਿਆ ਹੈ ਅਤੇ ਸੱਚ ਦਿਖਾਉਣ ਦੀ ਜਗ੍ਹਾ ਦੇਸ਼ ਦੇ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖਾਲਸਤਾਨੀ ਦੱਸ ਰਿਹਾ ਹੈ। ਉਹਨਾਂ ਕਿਹਾ ਕਿ ਸਾਡਾ ਭਾਰਤੀ ਸੰਵਿਧਾਨ ਸਾਨੂੰ ਜਮਹੂਰੀ ਤਰੀਕੇ ਨਾਲ ਧਰਨੇ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਦਿੰਦਾ ਹੈ। ਅਸੀਂ ਇਸ ਮੋਦੀ ਦੇ ਕੰਧੇੜੇ ਚੜ੍ਹੇ ਮੀਡੀਏ ਦਾ ਬਾਈਕਾਟ ਕਰਦੇ ਹਾਂ।