ਮਨਿੰਦਰਜੀਤ ਸਿੱਧੂ
- ਸਿੰਘੂ ਬਾਰਡਰ ਉੱਪਰ ਡਟੇ ਕਿਸਾਨ ਨੌਜਵਾਨਾਂ ਵੱਲੋਂ ਲੰਗਰ ਅਤੇ ਆਸਪਾਸ ਕੀਤੀ ਜਾਂਦੀ ਰੋਜ ਸਫਾਈ
ਸਿੰਘੂ ਬਾਰਡਰ, 4 ਦਸੰਬਰ 2020 - ਕਿਸਾਨ ਜੱਥੇਬੰਦੀਆਂ ਦਿੱਲੀ ਅਤੇ ਹਰਿਆਣੇ ਦੇ ਬਾਰਡਰਾਂ ਉੱਪਰ ਡਟੀਆਂ ਹੋਈਆਂ ਹਨ। ਆਗੂਆਂ ਦੀਆਂ ਸਰਕਾਰ ਨਾਲ ਲਗਾਤਾਰ ਬੈਠਕਾਂ ਚੱਲ ਰਹੀਆਂ ਹਨ। ਧਰਨਿਆਂ ਉੱਪਰ ਲਗਾਤਾਰ ਬੇਪਰਵਾਹ ਲੰਗਰ ਚੱਲ ਰਹੇ ਹਨ। ਕਿਤੇ ਕੁੱਝ ਪੱਕ ਰਿਹਾ ਹੈ, ਕਿਤੇ ਕੁੱਝ ਰਿੱਝ ਰਿਹਾ ਹੈ, ਕਿਤੇ ਕੁੱਝ ਵਰਤ ਰਿਹਾ ਹੈ। ਹਫਤੇ ਉੱਪਰ ਚੱਲਦੀ ਇਸ ਘੇਰਾਬੰਦੀ ਦੇ ਬਾਵਜੂਦ ਅਤੇ ਏਨੇ ਵੱਡੇ ਇਕੱਠ ਦੇ ਹੁੰਦਿਆਂ ਹੋਇਆਂ ਵੀ ਕਿਤੇ ਕੋਈ ਗੰਦਗੀ ਨਜਰ ਨਹੀਂ ਆਉਂਦੀ ਤਾਂ ਇਸ ਦਾ ਇੱਕੋ ਇੱਕ ਕਾਰਨ ਹੈ ਕਿ ਕਿਸਾਨ ਆਗੂਆਂ ਵੱਲੋਂ ਆਪਣੇ ਨੌਜਵਾਨਾਂ ਦੀਆਂ ਸਫਾਈ ਲਈ ਨਿਰਧਾਰਿਤ ਤੌਰ ਉੱਪਰ ਡਿਊਟੀਆਂ ਲਗਾਈਆਂ ਹੋਈਆਂ ਹਨ, ਜੋ ਲਗਾਤਾਰ ਲੰਗਰਾਂ ਅਤੇ ਆਸਪਾਸ ਸਫਾਈ ਕਰਦੇ ਰਹਿੰਦੇ ਹਨ।
ਨੌਜਵਾਨਾਂ ਦਾ ਕਹਿਣਾ ਹੈ ਕਿ ਸਾਨੂੰ ਹਰਿਆਣੇ ਅਤੇ ਦਿੱਲੀ ਦੇ ਲੋਕਾਂ ਨੇ ਮਨਾਂ ਮੂੰਹੀਂ ਪਿਆਰ ਸਤਿਕਾਰ ਦਿੱਤਾ ਹੈ ਅਤੇ ਸਾਨੂੰ ਹੱਥਾਂ ਉੱਪਰ ਚੁੱਕਿਆ ਹੈ। ਸਾਡੀ ਹਰ ਲੋੜ ਦੀ ਸਥਾਨਕ ਲੋਕਾਂ ਵੱਲੋਂ ਬਿਨਾਂ ਕਿਹਾਂ ਪੂਰਤੀ ਕੀਤੀ ਜਾਂਦੀ ਹੈ। ਇਸ ਲਈ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਵੀ ਇਸਨੂੰ ਆਪਣਾ ਹੀ ਘਰ ਸਮਝਦੇ ਹੋਈਏ ਇਸਦੀ ਸਾਫ ਸਫਾਈ ਰੱਖੀਏ ਅਤੇ ਘੋਲ ਜਿੱਤਣ ਤੋਂ ਬਾਦ ਜਦੋਂ ਵਾਪਸ ਪਰਤੀਏ ਤਾਂ ਲੋਕ ਇਹ ਨਾ ਕਹਿਣ ਕਿ ਪੰਜਾਬ ਵਾਲੇ ਆਏ ਸੀ, ਗੰਦ ਪਾ ਕੇ ਚਲੇ ਗਏ। ਕਿਸਾਨਾਂ ਆਗੂਆਂ ਦੀ ਦੂਰ ਅੰਦੇਸ਼ੀ ਅਤੇ ਨੌਜਵਾਨਾਂ ਦੇ ਇਸ ਜਜਬੇ ਦੀ ਪੂਰੀ ਦੁਨੀਆਂ ਵਿੱਚ ਚਰਚਾ ਹੈ।